ਗੁਹਾਟੀ, 11 ਅਗਸਤ
ਅਸਾਮ ਸਮਝੌਤੇ ਦੀ ਮਦ 6 ਬਾਰੇ ਕੇਂਦਰ ਦੀ ਉੱਚ ਪੱਧਰੀ ਕਮੇਟੀ ਦਾ ਹਿੱਸਾ ਰਹੀ ਆਲ ਅਸਾਮ ਵਿਦਿਆਰਥੀ ਯੂਨੀਅਨ (ਆਸੂ) ਨੇ ਅੱਜ ਇਸ ਕਰਾਰ ਬਾਰੇ ਇਕ ਗੁਪਤ ਰਿਪੋਰਟ ਜਾਰੀ ਕੀਤੀ ਹੈ। ਵਿਦਿਆਰਥੀ ਯੂਨੀਅਨ ਨੇ ਕਿਹਾ ਕਿ ਲੋਕਾਂ ਨੂੰ ਇਸ ਕਰਾਰ ਦੇ ਵਿਸ਼ਾ ਵਸਤੂ ਬਾਰੇ ਜਾਣਨ ਦਾ ਪੂਰਾ ਹੱਕ ਹੈ। ਆਸੂ ਤੇ ਇਕ ਹੋਰ ਕਮੇਟੀ ਮੈਂਬਰ ਨਿਲਏ ਦੱਤਾ, ਜੋ ਅਰੁਣਾਚਲ ਪ੍ਰਦੇਸ਼ ਦੇ ਐਡਵੋਕੇਟ ਜਨਰਲ ਵੀ ਹਨ, ਨੇ ਰਿਪੋਰਟ ਰਿਲੀਜ਼ ਕਰਨ ਮੌਕੇ ਪੱਤਰਕਾਰਾਂ ਦੇ ਰੂੁਬਰੂ ਹੁੰਦਿਆਂ ਕਿਹਾ ਕਿ ਉਹ ਅਜਿਹਾ ਕਰ ਰਹੇ ਹਨ ਕਿਉਂਕਿ ‘ਸਰਕਾਰ ਵੱਲੋਂ ਕੋਈ ਹਿਲਜੁਲ ਨਹੀਂ ਹੋ ਰਹੀ।’
ਆਸੂ ਦੇ ਮੁੱਖ ਸਲਾਹਕਾਰ ਸਮੁੱਜਲ ਕੁਮਾਰ ਭੱਟਾਚਾਰੀਆ ਨੇ ਕਿਹਾ, ‘ਰਿਪੋਰਟ ਜਮ੍ਹਾਂ ਕੀਤੇ ਨੂੰ ਪੰਜ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅਜੇ ਤੱਕ ਸਰਕਾਰ ਨੇ ਇਸ ’ਤੇ ਕੋਈ ਕਾਰਵਾਈ ਕਰਨ ਦੀ ਜ਼ਹਿਮਤ ਨਹੀਂ ਸਮਝੀ।’ ਉਨ੍ਹਾਂ ਕਿਹਾ, ‘ਲੋਕ ਸਾਨੂੰ ਨਿੱਤ ਪੁੱਛਦੇ ਹਨ ਕਿ ਇਸ (ਰਿਪੋਰਟ) ਦਾ ਕੀ ਬਣਿਆ। ਆਖਿਰ ਨੂੰ ਅਸੀਂ ਰਿਪੋਰਟ ਰਿਲੀਜ਼ ਕਰਨ ਦਾ ਫੈਸਲਾ ਕੀਤਾ, ਕਿਉਂਕਿ ਲੋਕਾਂ ਨੂੰ ਜਾਣਨ ਦਾ ਹੱਕ ਹੈ।’ ਅਸਾਮ ਸਮਝੌਤੇ ਦੀ ਕਲਾਜ਼ 6 ਅਸਮੀ ਲੋਕਾਂ ਦੇ ਸਭਿਆਚਾਰ, ਸਮਾਜਿਕ, ਭਾਸ਼ਾਈ ਪਛਾਣ ਤੇ ਵਿਰਾਸਤ ਦੀ ਸੁਰੱਖਿਆ ਤੇ ਪ੍ਰਚਾਰ ਪਾਸਾਰ ਲਈ ਸੰਵਿਧਾਨਕ, ਵਿਧਾਨਕ ਤੇ ਪ੍ਰਸ਼ਾਸਨਿਕ ਸੁਰੱਖਿਆ ਮੁਹੱਈਆ ਕਰਵਾਉਣ ਦੀ ਜ਼ਾਮਨੀ ਭਰਦੀ ਹੈ। ਕਲਾਜ਼ 6 ਨੂੰ ਲਾਗੂ ਕਰਵਾਉਣ ਲਈ ਜਸਟਿਸ (ਸੇਵਾ ਮੁਕਤ) ਬੀ.ਕੇ.ਸ਼ਰਮਾ ਦੀ ਅਗਵਾਈ ਵਿੱਚ ਬਣੀ ਉੱਚ ਪੱਧਰੀ ਕਮੇਟੀ ਨੇ 25 ਫਰਵਰੀ ਨੂੰ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਇਕ ਰਿਪੋਰਟ ਸੌਂਪੀ ਸੀ, ਜੋ ਅੱਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਕ ਪੁੱਜਦੀ ਕੀਤੀ ਜਾਣੀ ਸੀ। -ਪੀਟੀਆਈ