ਗੁਹਾਟੀ, 30 ਨਵੰਬਰ
ਆਲ ਅਸਾਮ ਸਟੂਡੈਂਟਸ ਯੂਨੀਅਨ (ਆਸੂ) ਦੇ ਇਕ ਆਗੂ ਨੂੰ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਜਾਨੋਂ ਮਾਰਨ ਦੇ ਮਾਮਲੇ ਵਿਚ ਹੁਣ ਤੱਕ ਮੁੱਖ ਮੁਲਜ਼ਮ ਸਣੇ ਘੱਟੋ-ਘੱਟ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਧਰ, ਵਿਦਿਆਰਥੀ ਜਥੇਬੰਦੀ ਨੇ ਅੱਜ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ।
ਜੌਹਰਹਾਟ ਵਿਚ ਸੋਮਵਾਰ ਨੂੰ ਇਕ ਹਾਦਸੇ ਨੂੰ ਲੈ ਕੇ ਤਿੱਖੀ ਬਹਿਸ ਹੋਣ ਤੋਂ ਬਾਅਦ ਲੋਕਾਂ ਦੇ ਇਕ ਸਮੂਹ ਨੇ ਆਸੂ ਆਗੂ ਅਨਿਮੇਸ਼ ਭੂਈਆਂ (28) ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਅਤੇ ਇਸ ਦੌਰਾਨ ਦੋ ਹੋਰ ਜਣੇ ਗੰਭੀਰ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਦੌਰਾਨ ਕਈ ਲੋਕ ਮੌਜੂਦ ਸਨ ਪਰ ਉਨ੍ਹਾਂ ਨੇ ਭੀੜ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਭੂਈਆਂ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪੁਲੀਸ ਨੂੰ ਫਾਸਟ-ਟਰੈਕ ਅਆਲਤ ਵਿਚ ਮੁਕੱਦਮੇ ਲਈ ਇਕ ਮਹੀਨੇ ਦੇ ਅੰਦਰ ਦੋਸ਼ ਪੱਤਰ ਦਾਖ਼ਲ ਕਰਨ ਦਾ ਆਦੇਸ਼ ਦਿੱਤਾ ਅਤੇ ਵਿਸ਼ੇਸ਼ ਡਾਇਰੈਕਟਰ ਜਨਰਲ ਪੁਲੀਸ (ਕਾਨੂੰਨ ਵਿਵਸਥਾ) ਜੀ.ਪੀ. ਸਿੰਘ ਨੂੰ ਨਿੱਜੀ ਤੌਰ ’ਤੇ ਮਾਮਲੇ ਦੀ ਨਿਗਰਾਨੀ ਕਰਨ ਲਈ ਕਿਹਾ। ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ। ਸਰਮਾ ਦੇ ਨਿਰਦੇਸ਼ ’ਤੇ ਸਿੱਖਿਆ ਮੰਤਰੀ ਰਨੋਜ ਪੇਗੂ ਨੇ ਮੰਗਲਵਾਰ ਸਵੇਰੇ ਦਰਗਾਓਂ ਵਿਚ ਭੂਈਆਂ ਦੇ ਘਰ ਜਾ ਕੇ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਜੌਰਹਾਟ ਦੇ ਐੱਸਪੀ ਅੰਕੁਰ ਜੈਨ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਹੁਣ ਤੱਕ ਵੱਖ-ਵੱਖ ਥਾਵਾਂ ਤੋਂ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਮੁੱਖ ਮੁਲਜ਼ਮ ਨੀਰਜ ਦਾਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸੀਂ ਪ੍ਰਤੱਖਦਰਸ਼ੀਆਂ ਨਾਲ ਗੱਲ ਕਰ ਰਹੇ ਹਾਂ ਅਤੇ ਵੀਡੀਓ ਫੁਟੇਜ ਰਾਹੀਂ ਪੁਸ਼ਟੀ ਕਰ ਰਹੇ ਹਾਂ ਕਿ ਕੀ ਇਸ ਘਟਨਾ ਵਿਚ ਹੋਰ ਲੋਕ ਵੀ ਸ਼ਾਮਲ ਸਨ।’’ -ਪੀਟੀਆਈ