ਮੁੰਬਈ, 28 ਫਰਵਰੀ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਨਗੇ ਕਿ ਉਹ ਦਾਦਰਾ ਤੇ ਨਾਗਰ ਹਵੇਲੀ ਦੇ ਅਧਿਕਾਰੀਆਂ ਨੂੰ ਲੋਕ ਸਭਾ ਮੈਂਬਰ ਮੋਹਨ ਦੇਲਕਰ ਦੀ ਮੌਤ ਦੀ ਜਾਂਚ ਵਿੱਚ ਮੁੰਬਈ ਪੁਲੀਸ ਨਾਲ ਸਹਿਯੋਗ ਕਰਨ ਦੇ ਆਦੇਸ਼ ਦੇਣ। ਕੇਂਦਰੀ ਸ਼ਾਸਤ ਪ੍ਰਦੇਸ਼ ਤੋਂ ਸੱਤ ਵਾਰ ਸੰਸਦ ਮੈਂਬਰ ਚੁਣੇ ਗਏ ਦੇਲਕਰ ਦੀ ਲਾਸ਼ 22 ਫਰਵਰੀ ਨੂੰ ਦੱਖਣੀ ਮੁੰਬਈ ਦੇ ਇੱਕ ਹੋਟਲ ਦੇ ਕਮਰੇ ਵਿੱਚੋਂ ਮਿਲੀ ਸੀ। ਉੱਥੋਂ ਗੁਜਰਾਤੀ ’ਚ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਸੀ। ਠਾਕਰੇ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਪ੍ਰਧਾਨ ਮੰਤਰੀ ਤੇ ਸ਼ਾਹ ਨੂੰ ਅਪੀਲ ਕਰਾਂਗਾ ਕਿ ਉਹ ਉੱਥੋਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਜਦੋਂ ਮੁੰਬਈ ਪੁਲੀਸ ਦੇ ਅਧਿਕਾਰੀ ਮਾਮਲੇ ਦੀ ਜਾਂਚ ਲਈ ਦਾਦਰਾ ਜਾਣ ਤਾਂ ਉਹ ਉਨ੍ਹਾਂ ਨਾਲ ਸਹਿਯੋਗ ਕਰਨ।’ -ਪੀਟੀਆਈ