ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਇੱਥੇ ‘ਭਾਰਤ ਵਿੱਚ ਕਿਸਾਨ ਅੰਦੋਲਨ ਦੇ ਭਵਿੱਖ’ ਬਾਰੇ ਚਰਚਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ‘ਲੈਫਟ ਵਰਡ ਬੁੱਕਸ’ ਦੇ ਨਾਲ ਪੀ ਸੁੰਦਰਯਾ ਮੈਮੋਰੀਅਲ ਟਰੱਸਟ ਨੇ ਏਆਈਕੇਐੱਸ ਦੇ ਆਲ ਇੰਡੀਆ ਪ੍ਰਧਾਨ ਡਾ. ਅਸ਼ੋਕ ਧਾਵਲੇ ਵੱਲੋਂ ਲਿਖੀ ਕਿਤਾਬ ‘ਜਦੋਂ ਕਿਸਾਨ ਖੜ੍ਹੇ ਹੋ ਗਏ’ ਰਿਲੀਜ਼ ਕੀਤੀ ਗਈ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ, ਡਾ. ਦਰਸ਼ਨ ਪਾਲ, ਯੋਗੇਂਦਰ ਯਾਦਵ, ਸੀਟੂ ਦੇ ਜਨਰਲ ਸਕੱਤਰ ਤਪਨ ਸੇਨ, ਏਆਈਏਡਬਲਿਊ ਦੇ ਜਨਰਲ ਸਕੱਤਰ ਬੀ ਵੈਂਕਟ ਨੇ ਸੰਬੋਧਨ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਖੇਤੀ ਕਾਨੂੰਨਾਂ ਵਾਂਗ ਹੀ ਕਾਰਪੋਰੇਟਾਂ ਦੀ ਲੁੱਟ ਵਿਰੁੱਧ ਜੰਗ ਆਉਣ ਵਾਲੇ ਦਿਨਾਂ ਵਿੱਚ ਜ਼ਬਰਦਸਤ ਢੰਗ ਨਾਲ ਲੜੀ ਜਾਣੀ ਚਾਹੀਦੀ ਹੈ।