ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼): ਬਲਾਤਕਾਰ ਮਾਮਲੇ ਵਿੱਚ ਸਜ਼ਾ ਕੱਟ ਰਹੇ ਆਸਾਰਾਮ ਦੇ ਸਮਰਥਕਾਂ ਵਲੋਂ ਇੱਥੇ ਜ਼ਿਲ੍ਹਾ ਜੇਲ੍ਹ ਵਿੱਚ ਪੁੱਜ ਕੇ ਕੰਬਲ ਵੰਡਣ ਦੇ ਮਾਮਲੇ ਦੀ ਜਾਂਚ ਦੋ-ਤਿੰਨ ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ। ਇਹ ਜਾਣਕਾਰੀ ਡੀਆਈਜੀ (ਜੇਲ੍ਹਾਂ) ਆਰ.ਐੱਨ. ਪਾਂਡੇ ਨੇ ਦਿੱਤੀ। ਉਨ੍ਹਾਂ ਵੀਰਵਾਰ ਨੂੰ ਸ਼ਾਹਜਹਾਂਪੁਰ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਅਤੇ ਕਰੀਬ ਸੱਤ ਘੰਟੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਕਈ ਜੇਲ੍ਹ ਅਧਿਕਾਰੀਆਂ ਦੇ ਬਿਆਨ ਰਿਕਾਰਡ ਕੀਤੇ। ਪਾਂਡੇ ਨੇ ਦੱਸਿਆ, ‘‘ਜੇਲ੍ਹ ਸੁਪਰਡੈਂਟ ਰਾਕੇਸ਼ ਕੁਮਾਰ, ਜੇਲਰ ਰਾਜੇਸ਼ ਕੁਮਾਰ ਅਤੇ ਹੋਰਾਂ ਦੇ ਬਿਆਨ ਦਰਜ ਕੀਤੇ ਗਏ। ਆਸਾਰਾਮ ਦੇ ਸਮਰਥਕਾਂ ਵਲੋਂ ਵੰਡੀਆਂ ਗਈਆਂ ਕਿਤਾਬਾਂ ਅਤੇ ਪਰਚੇ ਆਦਿ ਸਬੰਧੀ ਦਸਤਾਵੇਜ਼ੀ ਸਬੂਤ ਵੀ ਇਕੱਠੇ ਕੀਤੇ ਗਏ।’’
-ਪੀਟੀਆਈ