ਨਵੀਂ ਦਿੱਲੀ/ਮੁੰਬਈ, 9 ਜਨਵਰੀ
ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਕਈ ਸੂਬਿਆਂ ਨੇ ਹੋਰ ਪਾਬੰਦੀਆਂ ਲਾ ਦਿੱਤੀਆਂ ਹਨ। ਦੇਸ਼ ਵਿਚ ਅੱਜ 1,59,632 ਕੇਸ ਨਵੇਂ ਸਾਹਮਣੇ ਆਏ ਹਨ ਜੋ ਕਿ ਮਈ (224 ਦਿਨਾਂ) ਤੋਂ ਬਾਅਦ ਸਭ ਤੋਂ ਵੱਧ ਹਨ। ਭਲਕ ਤੋਂ ਦੇਸ਼ ਵਿਚ ਸਿਹਤ ਕਰਮੀਆਂ, ਫਰੰਟਲਾਈਨ ਵਰਕਰਾਂ, ਚੋਣ ਡਿਊਟੀ ਵਾਲੇ ਮੁਲਾਜ਼ਮਾਂ ਤੇ ਬੀਮਾਰੀਆਂ ’ਚ ਘਿਰੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਦੀ ਤੀਜੀ ਖੁਰਾਕ (ਪ੍ਰੀਕੌਸ਼ਨ ਡੋਜ਼) ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ। ਜ਼ਿਆਦਾਤਰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਰਾਤ ਦਾ ਕਰਫਿਊ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ। ਮਹਾਰਾਸ਼ਟਰ, ਕਰਨਾਟਕ, ਯੂਪੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿਚ ਰਾਤ ਨੂੰ ਕਰਫਿਊ ਲਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਤੋਂ ਸਮਾਜਿਕ ਤੇ ਧਾਰਮਿਕ ਸਮਾਗਮਾਂ ਉਤੇ 24 ਜਨਵਰੀ ਤੱਕ ਪਾਬੰਦੀ ਲਾ ਦਿੱਤੀ ਹੈ। ਅੰਦਰੂਨੀ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ ਸੌ ਤੇ ਬਾਹਰ ਕੀਤੇ ਜਾਣ ਵਾਲੇ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ 300 ਤੱਕ ਸੀਮਤ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਅਕਾਦਮਿਕ, ਖੇਡ, ਸਭਿਆਚਾਰਕ ਤੇ ਸਿਆਸੀ ਇਕੱਠ ਸ਼ਾਮਲ ਹਨ। ਹਿਮਾਚਲ ਸਰਕਾਰ ਨੇ ਸਰਕਾਰੀ ਦਫ਼ਤਰਾਂ ਨੂੰ ਵੀ 50 ਫ਼ੀਸਦ ਸਮਰੱਥਾ ਨਾਲ ਚਲਾਉਣ ਦਾ ਐਲਾਨ ਕੀਤਾ ਹੈ। ਰਾਜਸਥਾਨ ਸਰਕਾਰ ਨੇ ਮਿਉਂਸਿਪਲ ਖੇਤਰਾਂ ਵਿਚ 17 ਜਨਵਰੀ ਤੱਕ ਸਕੂਲ ਬੰਦ ਕਰ ਦਿੱਤੇ ਹਨ। ਐਤਵਾਰ ਨੂੰ ਕਰਫਿਊ ਲਾ ਦਿੱਤਾ ਗਿਆ ਤੇ ਬਾਜ਼ਾਰ ਖੁੱਲ੍ਹਣ ਦਾ ਸਮਾਂ, ਰੈਸਤਰਾਂ ਅਤੇ ਸਿਨੇਮਿਆਂ ਵਿਚ ਹਾਜ਼ਰੀ ਵੀ ਸੀਮਤ ਕੀਤੀ ਗਈ ਹੈ। ਤਾਮਿਲਨਾਡੂ ਵਿਚ ਅੱਜ ਇਕ ਦਿਨ ਦਾ ਲੌਕਡਾਊਨ ਲਾਇਆ ਗਿਆ। ਉੱਥੇ ਰਾਤ ਦਾ ਕਰਫਿਊ ਵੀ ਲਾਗੂ ਹੈ। ਪੁੱਡੂਚੇਰੀ ਵਿਚ ਵੀ ਭਲਕ ਤੋਂ ਸਕੂਲ ਬੰਦ ਕਰ ਦਿੱਤੇ ਗਏ ਹਨ। ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਹੌਲੀ-ਹੌਲੀ ਧਾਰਮਿਕ ਸਥਾਨਾਂ, ਸ਼ਰਾਬ ਦੇ ਠੇਕਿਆਂ ਉਤੇ ਵੀ ਪਾਬੰਦੀਆਂ ਲਾਈਆਂ ਜਾਣਗੀਆਂ। ਹਾਲਾਂਕਿ ਉੱਥੇ ਜ਼ਿਆਦਾ ਕਰੋਨਾ ਮਰੀਜ਼ਾਂ ਨੂੰ ਹਸਪਤਾਲਾਂ ’ਚ ਦਾਖਲ ਕਰਾਉਣ ਦੀ ਲੋੜ ਨਹੀਂ ਪਈ ਹੈ ਤੇ ਨਾ ਹੀ ਆਕਸੀਜ਼ਨ ਦੀ ਮੰਗ ਜ਼ਿਆਦਾ ਹੈ। ਮਹਾਰਾਸ਼ਟਰ ਵਿਚ ਜਿਮ, ਬਿਊਟੀ ਪਾਰਲਰ ਵੀ 11 ਜਨਵਰੀ ਤੋਂ 50 ਫ਼ੀਸਦ ਸਮਰੱਥਾ ਨਾਲ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਸਕੂਲ ਤੇ ਕਾਲਜ ਵੀ 15 ਫਰਵਰੀ ਤੱਕ ਬੰਦ ਕੀਤੇ ਗਏ ਹਨ। ਹਰ ਤਰ੍ਹਾਂ ਦੇ ਇਕੱਠ ਵੀ ਸੀਮਤ ਕੀਤੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਲੌਕਡਾਊਨ ਲਾਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਹਫ਼ਤੇ ਦੇ ਅਖੀਰ ਵਿਚ ਕਰਫਿਊ ਲਾਇਆ ਗਿਆ ਸੀ। -ਪੀਟੀਆਈ
ਵਰੁਣ ਗਾਂਧੀ ਨੂੰ ਕਰੋਨਾ
ਪੀਲੀਭੀਤ: ਭਾਜਪਾ ਦੇ ਪੀਲੀਭੀਤ ਤੋਂ ਲੋਕ ਸਭਾ ਮੈਂਬਰ ਵਰੁਣ ਗਾਂਧੀ ਅੱਜ ਕਰੋਨਾ ਪਾਜ਼ੇਟਿਵ ਮਿਲੇ ਹਨ। ਉਨ੍ਹਾਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਚੋਣਾਂ ਵਾਲੇ ਪੰਜ ਸੂਬਿਆਂ ’ਚ ਸਾਰੇ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਵੀ ਕੋਵਿਡ ਵੈਕਸੀਨ ਦੀ ਇਹਤਿਆਤੀ ਖੁਰਾਕ ਲੱਗੇ। ਵਰੁਣ ਨੇ ਕਿਹਾ ਕਿ ਪੀਲੀਭੀਤ ’ਚ ਤਿੰਨ ਦਿਨਾਂ ਤੋਂ ਰਹਿਣ ਮਗਰੋਂ ਉਹ ਕਰੋਨਾ ਪਾਜ਼ੇਟਿਵ ਮਿਲੇ ਹਨ ਅਤੇ ਉਨ੍ਹਾਂ ’ਚ ਲਾਗ ਦੇ ਤੇਜ਼ ਲੱਛਣ ਹਨ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਵੱਲੋਂ ਸਥਿਤੀ ਦੀ ਸਮੀਖਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਇਕ ਉੱਚ ਪੱਧਰੀ ਮੀਟਿੰਗ ਵਿਚ ਕਰੋਨਾ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜ਼ਿਲ੍ਹਿਆਂ ਵਿਚ ਢੁੱਕਵਾਂ ਸਿਹਤ ਢਾਂਚਾ ਯਕੀਨੀ ਬਣਾਉਣ, ਬੱਚਿਆਂ ਦਾ ਟੀਕਾਕਰਨ ਤੇਜ਼ ਕਰਨ ਅਤੇ ਮਹਾਮਾਰੀ ਨਾਲ ਜੁੜੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੱਖ ਮੰਤਰੀਆਂ ਨਾਲ ਵੀ ਮੀਟਿੰਗ ਕੀਤੀ ਜਾਵੇਗੀ ਤੇ ਸੂਬਿਆਂ ਵਿਚ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਇਸ ਤੋਂ ਇਲਾਵਾ ਉੱਥੇ ਵਰਤੀ ਜਾ ਰਹੀ ਸਾਵਧਾਨੀ ਤੇ ਇਸ ਦੇ ਬਿਹਤਰ ਨਤੀਜਿਆਂ ਨੂੰ ਵੀ ਵਿਚਾਰਿਆ ਜਾਵੇਗਾ।