ਮੁੰਬਈ, 28 ਅਕਤੂਬਰ
ਮੁੱਖ ਅੰਸ਼
- ਸ਼ਰਤਾਂ ਬਾਰੇ ਵੇਰਵੇ ਨਾ ਮਿਲਣ ਕਰਕੇ ਰਿਹਾਈ ਲਈ ਉਡੀਕ ਵਧੀ
- ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਵੀ ਜ਼ਮਾਨਤ ਮਨਜ਼ੂਰ
ਬੰਬੇ ਹਾਈ ਕੋਰਟ ਨੇ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੇ ਦੋ ਹੋਰਨਾਂ ਨੂੰ ਕਰੂਜ਼ ਡਰੱਗਜ਼ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ। ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਤਹਿਤ ਬੰਦ ਆਰੀਅਨ ਖ਼ਾਨ ਨੂੰ ਹਾਲਾਂਕਿ ਫੌਰੀ ਰਿਹਾਈ ਨਹੀਂ ਮਿਲੇਗੀ ਕਿਉਂਕਿ ਜ਼ਮਾਨਤ ਸਖ਼ਤ ਸ਼ਰਤਾਂ ਤਹਿਤ ਦਿੱਤੀ ਗਈ ਹੈ ਤੇ ਕੋਰਟ ਨੇ ਅਜੇ ਤੱਕ ਸ਼ਰਤਾਂ ਬਾਰੇ ਵੇਰਵੇ ਨਸ਼ਰ ਨਹੀਂ ਕੀਤੇ। ਆਰੀਅਨ ਤੇ ਹੋਰਨਾਂ ਨੂੰ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ ’ਤੇ ਚੱਲ ਰਹੀ ਕਥਿਤ ਡਰੱਗਜ਼ ਪਾਰਟੀ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂਕਿ 3 ਅਕਤੂਬਰ ਤੋਂ ਉਨ੍ਹਾਂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਸਟਿਸ ਐੱਨ.ਡਬਲਿਊ. ਸਾਂਬਰੇ ਦੇ ਇਕਹਿਰੇ ਬੈਂਚ ਨੇ ਆਰੀਅਨ ਦੇ ਨਾਲ ਇਸ ਕੇਸ ਵਿੱਚ ਸਹਿ-ਮੁਲਜ਼ਮਾਂ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਵੀ ਜ਼ਮਾਨਤ ਦੇ ਦਿੱਤੀ। ਜਾਣਕਾਰੀ ਅਨੁਸਾਰ ਆਰੀਅਨ ਵੱਲੋਂ ਪੇਸ਼ ਸੀਨੀਅਰ ਵਕੀਲ ਤੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਪਣੀਆਂ ਦਲੀਲਾਂ ਰੱਖ ਹੀ ਰਹੇ ਸਨ ਕਿ ਜਸਟਿਸ ਸਾਂਬਰੇ ਨੇ ਕਿਹਾ, ‘‘ਸਾਰੇ ਤਿੰਨ ਅਰਜ਼ੀਕਾਰਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਂਦੀ ਹੈ। ਮੈਂ ਤਫ਼ਸੀਲੀ ਹੁਕਮ ਭਲਕੇ ਸ਼ਾਮ ਤੱਕ ਦੇਵਾਂਗਾ।’’ ਇਸ ’ਤੇ ਆਰੀਅਨ ਖ਼ਾਨ ਦੇ ਵਕੀਲਾਂ ਨੇ ਨਗ਼ਦ ਜ਼ਮਾਨਤ ਦਾਖ਼ਲ ਕਰਨ ਦੀ ਪ੍ਰਵਾਨਗੀ ਮੰਗੀ, ਪਰ ਕੋਰਟ ਨੇ ਇਨਕਾਰ ਕਰ ਦਿੱਤਾ ਤੇ ਜ਼ਾਮਨੀ ਭਰਨ ਲਈ ਕਿਹਾ। ਆਰੀਅਨ ਤੇ ਹੋਰਨਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੰਗਲਵਾਰ ਤੋਂ ਜਾਰੀ ਹੈ। ਜਸਟਿਸ ਸਾਂਬਰੇ ਨੇ ਕਿਹਾ, ‘‘ਮੈਂ ਇਹ ਹੁਕਮ ਭਲਕੇ (ਸ਼ੁੱਕਰਵਾਰ ਨੂੰ) ਵੀ ਦੇ ਸਕਦਾ ਸੀ, ਪਰ ਮੈਂ ਅੱਜ ਦੇ ਦਿੱਤੇ।’’ ਜੱਜ ਨੇ ਕਿਹਾ ਕਿ ਉਹ ਤਫਸੀਲੀ ਹੁਕਮ ਬਾਅਦ ਵਿੱਚ ਜਾਰੀ ਕਰਨਗੇ, ਜਿਸ ਵਿੱਚ ਜ਼ਮਾਨਤ ਦੇਣ ਦੇ ਕਾਰਨਾਂ ਬਾਰੇ ਦੱਸਿਆ ਜਾਵੇਗਾ। ਆਰੀਅਨ ਦੀ ਲੀਗਲ ਟੀਮ ਵੱਲੋਂ ਹੁਣ ਉਸ ਦੀ ਰਿਹਾਈ ਲਈ ਸ਼ੁੱਕਰਵਾਰ ਜਾਂ ਸ਼ਨਿਚਰਵਾਰ ਨੂੰ ਸਾਰੀ ਕਾਨੂੰਨੀ ਕਾਰਵਾਈ ਪੂਰੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। -ਪੀਟੀਆਈ
ਵਾਨਖੇੇੜੇ ਦੀ ਭੈਣ ਵੱਲੋਂ ਨਵਾਬ ਮਲਿਕ ਖਿਲਾਫ਼ ਪੁਲੀਸ ਸ਼ਿਕਾਇਤ ਦਰਜ
ਮੁੰਬਈ: ਐੱਨਸੀਬੀ ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਭੈਣ ਯਾਸਮੀਨ ਵਾਨਖੇੜੇ ਨੇ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਨਵਾਬ ਮਲਿਕ ਖਿਲਾਫ਼ ਪੁਲੀਸ ਨੂੰ ਇਕ ਸ਼ਿਕਾਇਤ ਦੇ ਕੇ ਐਫ਼ਆਈਆਰ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਯਾਸਮੀਨ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਮਲਿਕ ਵੱਲੋਂ ਉਸ ਨੂੰ ਕਥਿਤ ਬਦਨਾਮ ਕੀਤਾ ਜਾ ਰਿਹੈ। ਉਧਰ ਵਾਨਖੇੜੇ ਦੀ ਪਤਨੀ ਰੇਡਕਰ ਵਾਨਖੇੜੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਪੱਤਰ ਲਿਖ ਕੇ ‘ਉਸ ਦੇ ਪਰਿਵਾਰ ਤੇ ਉਸ ਦੀ ਜ਼ਾਤੀ ਜ਼ਿੰਦਗੀ ਉਪਰ ਕੀਤੇ ਜਾ ਰਹੇ ਹਮਲਿਆਂ’ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਰੇਡਕਰ ਨੇ ਇਹ ਪੱਤਰ ਟਵਿੱਟਰ ’ਤੇ ਪੋਸਟ ਕਰਨ ਮਗਰੋਂ ਮੁੱਖ ਮੰਤਰੀ ਨੂੰ ਟੈਗ ਕੀਤਾ ਹੈ। -ਪੀਟੀਆਈ
ਪਿਕਚਰ ਅਭੀ ਬਾਕੀ ਹੈ: ਮਲਿਕ
ਮੁੰਬਈ: ਐੱਨਸੀਪੀ ਆਗੂ ਨਵਾਬ ਮਲਿਕ ਨੇ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਹਮਲੇ ਜਾਰੀ ਰੱਖਦਿਆਂ ਕੀਤੇ ਇਕ ਟਵੀਟ ਵਿੱਚ ਕਿਹਾ ਕਿ ‘ਪਿਕਚਰ ਅਭੀ ਬਾਕੀ ਹੈ।’ ਅੱਜ ਮੀਡੀਆ ਵਿੱਚ ਸਰਕੁਲੇਟ ਕੀਤੇ ਇਕ ਵੀਡੀਓ ਸੁਨੇਹੇ ਵਿੱਚ ਮਲਿਕ ਨੇ ਕਿਹਾ, ‘‘ਆਰੀਅਨ ਖ਼ਾਨ ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ (ਵਾਨਖੇੜੇ) ਨੇ ਬੰਬੇ ਹਾਈ ਕੋਰਟ ਦਾ ਰੁਖ਼ ਕਰਦਿਆਂ ਆਪਣੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਮੁੰਬਈ ਪੁਲੀਸ ਨੂੰ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਉਸ ਨੇ ਪਿਛਲੇ ਹਫ਼ਤੇ ਮੁੰਬਈ ਪੁਲੀਸ ਤੱਕ ਪਹੁੰਚ ਕਰਕੇ ਸੁਰੱਖਿਆ ਮੰਗੀ ਹੈ। ਉਸ ਨੇ ਕੁਝ ਤਾਂ ਸੱਚਮੁੱਚ ਗ਼ਲਤ ਕੀਤਾ ਹੈ ਤੇ ਇਹੀ ਵਜ੍ਹਾ ਹੈ ਕਿ ਉਹ ਆਪਣੇ ਖਿਲਾਫ਼ ਕਾਰਵਾਈ ਤੋਂ ਡਰ ਰਿਹਾ ਹੈ।’’ -ਪੀਟੀਆਈ
ਸਮੀਰ ਵਾਨਖੇੜੇ ਨੂੰ ਬਿਨਾਂ ਨੋਟਿਸ ਗ੍ਰਿਫ਼ਤਾਰ ਨਹੀਂ ਕਰਾਂਗੇ: ਮੁੰਬਈ ਪੁਲੀਸ
ਮੁੰਬਈ: ਮੁੰਬਈ ਪੁਲੀਸ ਨੇ ਅੱਜ ਬੰਬੇ ਹਾਈ ਕੋਰਟ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੇੜੇ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਪਈ ਤਾਂ ਉਸ ਨੂੰ ਤਿੰੰਨ ਦਿਨ ਪਹਿਲਾਂ ਅਗਾਊਂ ਨੋਟਿਸ ਦਿੱਤਾ ਜਾਵੇਗਾ। ਵਾਨਖੇੜੇ ਨੇ ਹਾਈ ਕੋਰਟ ਦਾ ਰੁਖ਼ ਕਰਦਿਆਂ ਕਰੂਜ਼ ਡਰੱਗਜ਼ ਕੇਸ ਵਿੱਚ ਕਥਿਤ ਫਿਰੌਤੀ ਮੰਗੇ ਜਾਣ ਦੇ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਗ੍ਰਿਫ਼ਤਾਰੀ ਦੇ ਡਰੋਂ ਅੰਤਰਿਮ ਸੁਰੱਖਿਆ ਮੰਗੀ ਸੀ। -ਪੀਟੀਆਈ