ਸ੍ਰੀਨਗਰ/ਜੰਮੂ: ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਹੋਣ ਦੇ ਦੋ ਸਾਲ ਪੂਰੇ ਹੋਣ ’ਤੇ ਅੱਜ ਤਿਰੰਗਾ ਰੈਲੀਆਂ ਕੱਢ ਕੇ ਤੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕੌਮੀ ਝੰਡੇ ਲਹਿਰਾ ਕੇ ਜਸ਼ਨ ਮਨਾਏ ਜਦਕਿ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਇਸ ਨੂੰ ਜੰਮੂ ਕਸ਼ਮੀਰ ਲਈ ਸੋਗ ਦਿਹਾੜਾ ਕਰਾਰ ਦਿੱਤਾ ਤੇ ਰੋਸ ਮਾਰਚ ਕੱਢਿਆ।ਅਨੰਤਨਾਗ ਜ਼ਿਲ੍ਹੇ ਦੇ ਖਾਨਾਬਲ ਤੋਂ ਭਾਜਪਾ ਦੀ ਨਗਰ ਕੌਂਸਲਰ ਰੋਮਾਸੀਆ ਰਫੀਕ ਨੇ ਖਾਨਾਬਲ ’ਚ ਡਿਗਰੀ ਕਾਲਜ ਕੋਲ ਕੌਮੀ ਝੰਡਾ ਲਹਿਰਾ ਕੇ ਕਸ਼ਮੀਰ ਘਾਟੀ ’ਚ ਪਾਰਟੀ ਦੇ ਸਮਾਗਮਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨਾਲ ਪਾਰਟੀ ਦੇ ਤਕਰੀਬਨ 200 ਕਾਰਕੁਨ ਸਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ 2019 ਦੇ ਫ਼ੈਸਲੇ ਦੀ ਇੱਕ ਹੋਰ ਅਹਿਮ ਪ੍ਰਾਪਤੀ ਇਹ ਸੀ ਕਿ ਇਹ ਵੰਡਪਾਊ ਤੇ ਅਤਿਵਾਦੀ ਤਾਕਤਾਂ ਲਈ ਵੱਡਾ ਝਟਕਾ ਹੈ। ਉੱਧਰ ਸ੍ਰੀਨਗਰ ’ਚ ਕਾਲੀਆਂ ਪੱਟੀਆਂ ਬੰਨ੍ਹ ਕੇ ਪੀਡੀਪੀ ਆਗੂਆਂ ਤੇ ਵਰਕਰਾਂ ਨੇ ਸ਼ੇਰ-ਏ-ਕਸ਼ਮੀਰ ਪਾਰਕ ਕੋਲ ਸਥਿਤ ਪਾਰਟੀ ਹੈਡਕੁਆਰਟਰ ਤੋਂ ਇੱਕ ਰੋਸ ਮਾਰਚ ਕੱਢਿਆ ਜਿਸ ਦੀ ਅਗਵਾਈ ਪਾਰਟੀ ਆਗੂ ਮਹਬਿੂਬਾ ਮੁਫ਼ਤੀ ਨੇ ਕੀਤੀ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਜੀਪੀਓ ਨੇੜੇ ਰੋਕ ਦਿੱਤਾ। ਮਹਬਿੂਬਾ ਮੁਫ਼ਤੀ ਨੇ ਪੱਤਰਕਾਰਾਂ ਨੂੰ ਕਿਹਾ, ‘ਅੱਜ ਜੰਮੂ ਕਸ਼ਮੀਰ ਲਈ ਸੋਗ ਦਿਹਾੜਾ ਹੈ। ਇਹ ਦੁੱਖ ਦੀ ਗੱਲ ਹੈ ਕਿ ਭਾਜਪਾ ਦੇਸ਼ ਭਰ ’ਚ ਜਸ਼ਨ ਮਨਾ ਰਹੀ ਹੈ ਜਦਕਿ ਕਸ਼ਮੀਰ ਸ਼ੋਗ ਮਨਾ ਰਿਹਾ ਹੈ।’ ਉਨ੍ਹਾਂ ਕਿਹਾ, ‘ਜੰਮੂ ਕਸ਼ਮੀਰ ਦੇ ਲੋਕਾਂ ਦੀ ਹੋਂਦ ਤਾਂ ਹੀ ਰਹੇਗੀ ਜਦੋਂ ਅਸੀਂ ਇਕੱਠੇ ਮਿਲ ਕੇ ਆਪਣੀ ਸੰਵਿਧਾਨਕ ਸਥਿਤੀ ਬਹਾਲ ਕਰਾਂਗੇ ਤੇ ਫਿਰ ਭਾਰਤ ਸਰਕਾਰ ਨੂੰ ਅੰਦਰੂਨੀ ਤੌਰ ’ਤੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਅਤੇ ਬਾਹਰੀ ਤੌਰ ’ਤੇ ਪਾਕਿਸਤਾਨ ਨਾਲ ਗੱਲਬਾਤ ਕਰਕੇ ਕਸ਼ਮੀਰ ਮਸਲਾ ਹੱਲ ਕਰਨ ਲਈ ਮਜਬੂਰ ਕਰਾਂਗੇ।’ ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਨੇ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ। ਉੱਧਰ ਜੰਮੂ ’ਚ ਜੰਮੂ ਕਸ਼ਮੀਰ ਭਾਰਤੀ ਜਨਤਾ ਯੋਵਾ ਮੋਰਚਾ ਦੇ ਪ੍ਰਧਾਨ ਅਰੁਣ ਦੇਵ ਸਿੰਘ, ਪਾਰਟੀ ਦੇ ਸੈਂਕੜੇ ਕਾਰਕੁਨਾਂ ਨੇ ਤਿਰੰਗਾ ਮਾਰਚ ਕੀਤਾ। -ਪੀਟੀਆਈ