ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਫਰਵਰੀ
ਦਿੱਲੀ ਪੁਲੀਸ ਨੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਦੇ ਘਰ ’ਚ ਕਥਿਤ ਘੁਸਪੈਠ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਬੰਗਲੂਰੂ ਵਾਸੀ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਸੁਰੱਖਿਆ ਏਜੰਸੀਆਂ ਨੇ ਫੌਰੀ ਹਰਕਤ ਵਿੱਚ ਆਉਂਦਿਆਂ ਡੋਵਾਲ ਦੀ ਰਿਹਾਇਸ਼ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਪਹਿਲੀ ਨਜ਼ਰੇ ਸਬੰਧਤ ਵਿਅਕਤੀ ਮਾਨਸਿਕ ਰੋਗੀ ਜਾਪਦਾ ਹੈ, ਪਰ ਪੁਲੀਸ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ 7:30 ਵਜੇ ਦੇ ਕਰੀਬ ਲਾਲ ਰੰਗ ਦੀ ਐਸਯੂਵੀ ਚਲਾ ਕੇ ਆਏ ਵਿਅਕਤੀ ਨੇ ਡੋਵਾਲ ਦੀ ਉੱਚ ਸੁਰੱਖਿਆ ਵਾਲੀ ਕੇਂਦਰੀ ਦਿੱਲੀ ਸਥਿਤ ਰਿਹਾਇਸ਼ ਦੇ ਗੇਟ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਰਿਹਾਇਸ਼ ’ਤੇ ਤਾਇਨਾਤ ਨੀਮ ਫੌਜੀ ਬਲ ਸੀਆਈਐੱਸਐੱਫ ਦੇ ਸੁਰੱਖਿਆ ਬਲਾਂ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ। ਘਟਨਾ ਸਮੇਂ ਡੋਵਾਲ ਘਰ ਵਿੱਚ ਮੌਜੂਦ ਸਨ। ਮਗਰੋਂ ਇਸ ਵਿਅਕਤੀ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਸੂਤਰਾਂ ਮੁਤਾਬਕ ਵਿਅਕਤੀ ਦੀ ਪਛਾਣ ਸ਼ਾਂਤਨੂ ਰੈੱਡੀ ਵਜੋਂ ਹੋਈ ਹੈ। ਮੁਲਜ਼ਮ ਨੂੰ ਚੁੱਕ ਕੇ ਲੋਧੀ ਕਾਲੋਨੀ ਸਥਿਤ ਸਪੈਸ਼ਲ ਸੈੱਲ ਦੇ ਦਫਤਰ ਲਿਜਾਇਆ ਗਿਆ, ਜਿੱਥੇ ਖੁਫੀਆ ਏਜੰਸੀਆਂ ਦੀ ਟੀਮ ਵੀ ਪਹੁੰਚੀ। ਪੁਲੀਸ ਨੇ ਬੰਗਲੂਰੂ ਪੁਲੀਸ ਤੇ ਸਬੰਧਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਵੀ ਕੀਤੀ।