ਰਿਸ਼ੀਕੇਸ਼ (ਉੱਤਰਾਖੰਡ), 12 ਜੁਲਾਈ
ਹਾਲ ਹੀ ਵਿਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੋਲੋਂ ਕਿਤਾਬ ਰਿਲੀਜ਼ ਕਰਵਾਉਣ ਵਾਲੇ ਇਕ ਠੱਗ ਵਿਅਕਤੀ ਨੂੰ ਇਕ ਸੁਨਿਆਰੇ ਦੀ ਪਤਨੀ ਨਾਲ ਨਕਦੀ ਤੇ ਗਹਿਣਿਆਂ ਜਿਨ੍ਹਾਂ ਦੀ ਕੁੱਲ ਕੀਮਤ 1.75 ਕਰੋੜ ਰੁਪਏ ਬਣਦੀ ਹੈ, ਦੀ ਠੱਗੀ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਿਸ਼ੀਕੇਸ਼ ਦੇ ਡੀਐੱਸਪੀ ਦਿਨੇਸ਼ ਚੰਦਰ ਢੌਂਡਿਆਲ ਨੇ ਦੱਸਿਆ ਕਿ ਮਹਿੰਦਰ ਰੋਡੇ ਉਰਫ਼ ਯੋਗੀ ਪ੍ਰਿਯਾਵ੍ਰਤ ਅਨੀਮੇਸ਼ ਨੇ ਸਾਧ ਬਣ ਕੇ ਔਰਤ ਨੂੰ ਠੱਗਿਆ ਸੀ। ਉਸ ਨੂੰ ਐਤਵਾਰ ਰਾਤ ਨੂੰ ਲਾਲ ਤੱਪੜ ਏਰੀਆ ਵਿਚ ਕੋਟੇਜ ਨੰਬਰ 21 ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਕਰੀਬ 10 ਲੱਖ ਰੁਪਏ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਗਏ।
ਸਰਕਾਰੀ ਬਿਆਨ ਅਨੁਸਾਰ ਇਸ ਤੋਂ ਪਹਿਲਾਂ 9 ਜੁਲਾਈ ਨੂੰ ਦੇਹਰਾਦੂਨ ਵਿਚ ਬੀਜਾਪੁਰ ਗੈਸਟ ਹਾਊਸ ਵਿਚ ਇਸ ਠੱਗ ਵਿਅਕਤੀ ਦੀ ਅਧਿਆਤਮਕ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਤ ਇਕ ਕਿਤਾਬ ‘ਮਾਨਸ ਮੋਤੀ’, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਰਿਲੀਜ਼ ਕੀਤੀ ਗਈ ਸੀ। ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਵੱਲੋਂ ਇਕ ਤਸਵੀਰ ਵੀ ਮੀਡੀਆ ਨਾਲ ਸਾਂਝੀ ਕੀਤੀ ਗਈ ਸੀ ਜਿਸ ਵਿਚ ਸ੍ਰੀ ਧਾਮੀ ਇਕ ਕਿਤਾਬ ਲੈ ਕੇ ਖੜ੍ਹੇ ਹਨ। ਇਸ ਤਸਵੀਰ ਵਿਚ ਸ੍ਰੀ ਧਾਮੀ, ਅਨੀਮੇਸ਼ ਦੇ ਬਿਲਕੁਲ ਨਾਲ ਖੜ੍ਹੇ ਦਿਖ ਰਹੇ ਹਨ। ਡੀਐੱਸਪੀ ਨੇ ਕਿਹਾ ਕਿ ਇਸ ਠੱਗ ਵਿਅਕਤੀ ਨੂੰ ਰਿਸ਼ੀਕੇਸ਼ ਦੇ ਇਕ ਮਸ਼ਹੂਰ ਸੁਨਿਆਰੇ ਹਿਤੇਂਦਰ ਪੰਵਾਰ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਕੇਸ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਅਨੀਮੇਸ਼ ’ਤੇ ਉਸ ਦੀ ਪਤਨੀ ਤੋਂ ਨਕਦੀ ਤੇ ਗਹਿਣੇ ਠੱਗਣ ਦਾ ਦੋਸ਼ ਲਗਾਇਆ ਹੈ ਜਿਨ੍ਹਾਂ ਦੀ ਕੁੱਲ ਕੀਮਤ 1.75 ਕਰੋੜ ਰੁਪਏ ਬਣਦੀ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਪਤਨੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਜੋ ਕਿ ਇਸ ਢੋਂਗੀ ਦੇ ਜਾਲ ਵਿਚ ਫਸ ਗਈ ਕਿਉਂਕਿ ਉਸ ਨੂੰ ਇਲਾਜ ਦੀ ਲੋੜ ਸੀ। -ਪੀਟੀਆਈ