ਕਰਾਚੀ, 11 ਨਵੰਬਰ
ਪਾਕਿਸਤਾਨ ਦੀ ਇੱਕ ਅਦਾਲਤ ਨੇ ਇੱਕ ਈਸਾਈ ਲੜਕੀ ਨੂੰ ਜਬਰੀ ਇਸਲਾਮ ਕਬੂਲਣ ਲਈ ਮਜਬੂਰ ਕਰਨ ਤੇ ਉਸ ਦਾ ਨਿਕਾਹ ਪੜ੍ਹਵਾਉਣ ਵਾਲੇ ਮੌਲਵੀ ਦੀ ਗ੍ਰਿਫ਼ਤਾਰੀ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਕਾਜ਼ੀ ਮੁਫ਼ਤੀ ਅਹਿਮਦ ਜਾਨ ਰਹੀਮੀ, ਜਿਸ ਨੂੰ ਲੜਕੀ ਵੱਲੋਂ ਦਰਜ ਕਰਵਾਏ ਕੇਸ ’ਚ 16 ਅਕਤੂਬਰ ਨੂੰ ਭਗੌੜਾ ਐਲਾਨਿਆ ਗਿਆ ਸੀ, ਨਾਬਾਲਗ ਲੜਕੀ ਦਾ ਧਰਮ ਤਬਦੀਲ ਤੇ ਨਿਕਾਹ ਪੜ੍ਹਵਾਉਣ ਦੇ ਇੱਕ ਹੋਰ ਕੇਸ ਵੀ ’ਚ ਨਾਮਜ਼ਦ ਹੈ। ਕਰਾਚੀ ਦੀ ਮੈਜਿਸਟਰੇਟ ਅਦਾਲਤ ਨੇ ਈਸਾਈ ਲੜਕੀ ਵੱਲੋਂ ਦਾਖ਼ਲ ਪਟੀਸ਼ਨ, ਜਿਸ ਵਿੱਚ ਉਸ ਨੇ ਜਬਰੀ ਇਸਲਾਮ ਕਬੂਲ ਕਰਵਾਉਣ ਮਗਰੋਂ ਮੁਹੰਮਦ ਇਮਰਾਨ ਨਾਲ ਨਿਕਾਹ ਪੜ੍ਹਵਾਉਣ ਦਾ ਦੋਸ਼ ਲਾਇਆ ਹੈ, ਦੀ ਸੁਣਵਾਈ ਕਰਦਿਆਂ ਮੌਲਵੀ ਦੀ ਗ੍ਰਿਫ਼ਤਾਰੀ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। -ਪੀਟੀਆਈ