ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਅਪਰੈਲ
ਸੰਯੁਕਤ ਕਿਸਾਨ ਮੋੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਹੋਏ ਕੌਮੀ ਅੰਦੋਲਨ ਦੌਰਾਨ ਦਿੱਲੀ-ਉੱਤਰ ਪ੍ਰਦੇਸ਼ ਹੱਦ ਉਪਰ ਚੱਲ ਰਹੇ ਲਗਾਤਾਰ ਧਰਨੇ ਦੌਰਾਨ ਕਿਸਾਨਾਂ ਨੇ ਲੰਬੇ ਸਮੇਂ ਤੱਕ ਡੇਰੇ ਲਾਉਣ ਲਈ ਪ੍ਰਬੰਧ ਕਰ ਲਏ ਹਨ। ਭਾਰਤੀ ਸਿੱਖ ਸੰਗਠਨ ਵੱਲੋਂ ਇੱਥੇ ਕੌਮੀ ਸ਼ਾਹ ਰਾਹ-9 ਉਪਰ ਆਪਣਾ ਵੱਡਾ ਟੈਂਟ ਲਾਇਆ ਗਿਆ ਹੈ, ਜਿਸ ਵਿੱਚ ਕੂਲਰ, ਫਰਿਜ ਤੇ ਮੱਛਰਾਂ ਤੋਂ ਬਚਾਅ ਦੇ ਪ੍ਰਬੰਧ ਕੀਤੇ ਗਏ ਹਨ। ਲਖਨਊ ਦੇ ਜਸਵੀਰ ਸਿੰਘ ਵਿਰਕ ਦੀ ਅਗਵਾਈ ਹੇਠ ਇਹ ਸੰਗਠਨ ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਝਾਰਖੰਡ, ਰੁਦਰਪੁਰ ਤੇ ਉੱਤਰੀ ਭਾਰਤ ਦੇ ਹੋਰ ਇਲਾਕਿਆਂ ਵਿੱਚ ਸਰਗਰਮ ਹੈ। ਤਰਾਈ ਕਿਸਾਨ ਸੰਗਠਨ ਨੇ ਵੀ ਭਾਰਤੀ ਸਿੱਖ ਸੰਗਠਨ ਨਾਲ ਮਿਲ ਕੇ ਇੱਥੇ ਮੋਰਚੇ ਗੱਡੇ ਹੋਏ ਹਨ। ਅੰਮ੍ਰਿਤਸਰ ਦੇ ਮੂਲ ਵਾਸੀ ਤੇ ਹੁਣ ਕਿੱਛਾ (ਉੱਤਰਾਖੰਡ) ਵਿੱਚੋਂ ਆਏ ਗਾਜ਼ੀਪੁਰ ਮੋਰਚੇ ਉਪਰ ਪਿਛਲੇ ਸਾਲ 27-28 ਨਵੰਬਰ ਤੋਂ ਹੀ ਡਟੇ ਹੋਏ ਸੰਤੋਖ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤੀ ਸਿੱਖ ਸੰਗਠਨ 5 ਸਾਲਾਂ ਤੋਂ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਸਮਾਜਿਕ ਕਾਰਜਾਂ ਵਿੱਚ ਲੱਗਾ ਹੋਇਆ ਹੈ। ਸ੍ਰੀ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਉਹ ਕੜਾਕੇ ਦੀ ਠੰਢ ਵਾਂਗ ਹੀ ਤੇਜ਼ ਗਰਮੀ ਦਾ ਵੀ ਟਾਕਰਾ ਕਰ ਲੈਣਗੇ।