ਮੁੰਬਈ, 5 ਦਸੰਬਰ
ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੇ ਦੋ ਹੋਰਾਂ ਖ਼ਿਲਾਫ਼ ਖ਼ੁਦਕੁਸ਼ੀ ਕੇਸ ਵਿਚ ਦਾਇਰ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਮ੍ਰਿਤਕ ਅਨਵਯ ਨਾਇਕ ਵੱਲੋਂ ਦਿੱਤੀ ਉਸ ਚਿਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਵਿਚ ਉਸ ਨੇ ਅਦਾਇਗੀ ਨਾ ਹੋਣ ’ਤੇ ਖ਼ੁਦਕੁਸ਼ੀ ਕਰਨ ਬਾਰੇ ਕਿਹਾ ਸੀ। ਦੋਸ਼ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁਲਜ਼ਮਾਂ ਵੱਲੋਂ ਪੈਸੇ ਨਾ ਦੇਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋਏ ਨਾਇਕ ਨੇ ਪਹਿਲਾਂ ਆਪਣੀ ਮਾਂ ਦਾ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਮਗਰੋਂ ਆਪ ਫਾਹਾ ਲੈ ਲਿਆ। ਅਨਵਯ ਦੀ ਮਾਂ ਉਸ ਨਾਲ ਕਾਰੋਬਾਰ ਵਿਚ ਭਾਈਵਾਲ ਸੀ। ਜ਼ਿਕਰਯੋਗ ਹੈ ਕਿ ਅਰਨਬ ਤੇ ਦੋ ਹੋਰਾਂ ’ਤੇ ਨਾਇਕ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਾਇਕ ਡਿਜ਼ਾਈਨ ਕੰਪਨੀ ਚਲਾਉਂਦਾ ਸੀ ਤੇ ਮੁਲਜ਼ਮਾਂ ਤੋਂ ਉਸ ਨੇ ਕੀਤੇ ਕੰਮ ਬਦਲੇ ਕਥਿਤ ਤੌਰ ’ਤੇ ਬਕਾਇਆ ਰਾਸ਼ੀ ਲੈਣੀ ਸੀ। ਇਸੇ ਦੌਰਾਨ ਰਿਪਬਲਿਕ ਟੀਵੀ ਦੇ ਡਿਸਟ੍ਰੀਬਿਊਸ਼ਨ ਮੁਖੀ (ਪੱਛਮੀ ਖੇਤਰ) ਘਣਸ਼ਿਆਮ ਸਿੰਘ ਨੂੰ ਅਦਾਲਤ ਨੇ ‘ਟੀਆਰਪੀ ਘੁਟਾਲਾ’ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ ਹੈ। ਰਿਪਬਲਿਕ ਮੀਡੀਆ ਨੈੱਟਵਰਕ ਦੇ ਸਹਾਇਕ ਉਪ ਪ੍ਰਧਾਨ ਘਣਸ਼ਿਆਮ ਨੂੰ 10 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੈਸ਼ਨ ਅਦਾਲਤ ਨੇ ਹੰਸਾ ਰਿਸਰਚ ਗਰੁੱਪ ਦੇ ਸਾਬਕਾ ਮੁਲਾਜ਼ਮ ਵਿਸ਼ਾਲ ਭੰਡਾਰੀ ਨੂੰ ਵੀ ਇਸ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ।
-ਪੀਟੀਆਈ