ਮੁੰਬਈ, 4 ਨਵੰਬਰ
‘ਰਿਪਬਲਿਕ ਟੀਵੀ’ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਇੰਟੀਰੀਅਰ ਡਿਜ਼ਾਈਨਰ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਪੁਲੀਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਲੀਬਾਗ ਪੁਲੀਸ ਦੀ ਇਕ ਟੀਮ ਨੇ ਗੋਸਵਾਮੀ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ। ਗੋਸਵਾਮੀ ਨੂੰ ਪੁਲੀਸ ਵੈਨ ਵਿੱਚ ਬੈਠਦੇ ਦੇਖਿਆ ਗਿਆ। ਇਸ ਦੌਰਾਨ ਗੋਸਵਾਮੀ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਉਸ ਦੇ ਘਰ ’ਚ ਉਸ ਨਾਲ ਬਦਸਲੂਕੀ ਕੀਤੀ।
ਗ੍ਰਿਫ਼ਤਾਰੀ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ: ਭਾਜਪਾ, ਕਾਂਗਰਸ ਨੇ ਵੀ ਕੀਤਾ ਪਲਟਵਾਰ
ਨਵੀਂ ਦਿੱਲੀ: ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ ਮਗਰੋਂ ਭਾਜਪਾ ਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਨੇ ਅਰਨਬ ਦੀ ਗ੍ਰਿਫ਼ਤਾਰੀ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ। ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਗੋਸਵਾਮੀ ਦੀ ਚਾਣਚੱਕ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਤੋਂ ਮੰਗ ਕੀਤੀ ਕਿ ਗੋਸਵਾਮੀ ਨਾਲ ਨਿਰਪੱਖ ਵਿਹਾਰ ਕੀਤਾ ਜਾਵੇ। ਗਿਲਡ ਨੇ ਕਿਹਾ ਕਿ ਮੀਡੀਆ ਦੀ ਆਲੋਚਨਾਤਮਕ ਰਿਪੋਰਟਿੰਗ ਖ਼ਿਲਾਫ਼ ਸਰਕਾਰੀ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਗੋਸਵਾਮੀ ਦੀ ਗ੍ਰਿਫ਼ਤਾਰੀ ਦੀ ਜਿੱਥੇ ਨਿਖੇਧੀ ਕੀਤੀ, ਉੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਸੱਤਾ ਦੀ ‘ਖੁੱਲ੍ਹਮ ਖੁੱਲ੍ਹਾ ਦੁਰਵਰਤੋਂ’ ਦੱਸਿਆ, ਜੋ ਐਮਰਜੰਸੀ ਦੀ ਯਾਦ ਦਿਵਾਉਂਦਾ ਹੈ। ਉਧਰ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਸੱਤਾ ਵਿੱਚ ਬੈਠੇ ਲੋਕਾਂ ਦਾ ਰੋਸ ਬਹੁਤ ਚੋਣਵਾਂ ਹੈ। ਸ਼੍ਰੀਨੇਤ ਨੇ ਦੋਸ਼ ਲਾਇਆ ਕਿ ਭਾਜਪਾ ਮੀਡੀਆ ਨੂੰ ਇਸ਼ਤਿਹਾਰ ਅਤੇ ‘ਡਰਾ ਧਮਕਾ’ ਕੇ ਕੰਟਰੋਲ ਕਰ ਰਹੀ ਹੈ। -ਪੀਟੀਆਈ