ਨਵੀਂ ਦਿੱਲੀ, 15 ਜਨਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਦਾ ਰੁਤਬਾ ਅਤੇ ਸ਼ਕਤੀ ਵਧਣ ਦੇ ਨਾਲ ਕੌਮੀ ਹਿੱਤਾਂ ਦੀ ਰਾਖੀ ਵਿੱਚ ਭਾਰਤੀ ਫ਼ੌਜ ਦੀ ਅਹਿਮ ਭੂਮਿਕਾ ਰਹੇਗੀ। ‘ਫ਼ੌਜ ਦਿਵਸ’ ਮੌਕੇ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਮੁਲਕ ਦੀਆਂ ਸਰਹੱਦਾਂ ’ਤੇ ਲਗਾਤਾਰ ਨਜ਼ਰ ਰੱਖਕੇ ਨਾਗਰਿਕਾਂ ਵਿੱਚ ਭਰੋਸਾ ਪੈਦਾ ਕਰਦੀ ਹੈ। ਫ਼ੌਜ ਦੇ ਟਵਿਟਰ ਹੈਂਡਲ ’ਤੇ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ,‘ ਭਾਰਤੀ ਫ਼ੌਜ ਨਵੀਂਆਂ ਉਭਰਦੀਆਂ ਬਹੁ-ਖੇਤਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਅਹਿਮ ਭੂਮਿਕਾ ਨਿਭਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾ ਕਿਹਾ ਕਿ ਕੁਦਰਤੀ ਸੰਕਟਾਂ ਸਮੇਂ ਫ਼ੌਜ ਵੱਲੋਂ ਕੀਤੀ ਜਾਂਦੀ ਕਾਰਵਾਈ ਸ਼ਾਨਦਾਰ ਰਹੀ ਹੈ ਅਤੇ ਸਾਰਿਆਂ ਵੱਲੋਂ ਇਸਦੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ। ਸਰਕਾਰ ਭਾਰਤੀ ਫ਼ੌਜ ਦੀ ਸਮਰੱਥਾ ਦੇ ਵਿਕਾਸ ਤੇ ਇਸਦੇ ਮੁਲਾਜ਼ਮਾਂ, ਉਨ੍ਹਾਂ ਦੇ ਪਰਿਵਾਰਾਂ, ਸੇਵਾਮੁਕਤ ਮੁਲਾਜ਼ਮਾਂ ਤੇ ਜੰਗੀ ਵਿਧਵਾਵਾਂ ਦੀ ਭਲਾਈ ਲਈ ਵਚਨਬੱਧ ਹੈ। -ਪੀਟੀਆਈ