ਮੁੰਬਈ, 2 ਅਗਸਤ
ਸ਼ਿਵ ਸੈਨਾ ਦੇ ਵਰਕਰਾਂ ਨੇ ਅੱਜ ਬਾਅਦ ਦੁਪਹਿਰ ਮੁੰਬਈ ਦੇ ਹਵਾਈ ਅੱਡੇ ’ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਨੇੜੇ ‘ਅਡਾਨੀ ਹਵਾਈ ਅੱਡਾ’ ਲਿਖਿਆ ਸਾਈਨ ਬੋਰਡ ਕਥਿਤ ਤੌਰ ’ਤੇ ਤੋੜ ਦਿੱਤਾ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਸ਼ਿਵ ਸੈਨਾ ਵਰਕਰਾਂ ਨੇ ਸਾਈਨ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਹਵਾਈ ਅੱਡੇ ਦਾ ਨਾਂ ਸ਼ਿਵਾਜੀ ਮਹਾਰਾਜ ਦੇ ਨਾਂ ’ਤੇ ਰੱਖਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੁਝ ਕਾਰਕੁਨ ਬਾਅਦ ਵਿੱਚ ਨੇੜਲੇ ਪੱਛਮੀ ਐਕਸਪ੍ਰੈੱਸ ਹਾਈਵੇਅ ’ਤੇ ਆ ਗਏ ਜਿਸ ਨਾਲ ਸ਼ਹਿਰ ਦੇ ਮੁੱਖ ਉੱਤਰ-ਦੱਖਣੀ ਮਾਰਗ ’ਤੇ ਕੁਝ ਦੇਰ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਉਨ੍ਹਾਂ ਦੱਸਿਆ ਕਿ ਘਟਨਾ ’ਚ ਸ਼ਾਮਲ ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ। -ਪੀਟੀਆਈ