ਨਵੀਂ ਦਿੱਲੀ, 19 ਜੂਨ
‘ਅਗਨੀਪਥ’ ਯੋਜਨਾ ਖ਼ਿਲਾਫ਼ ਦੇਸ਼ ਭਰ ’ਚ ਚੱਲ ਰਹੇ ਰੋਸ ਮੁਜ਼ਾਹਰਿਆਂ ਵਿਚਾਲੇ ਭਾਰਤ ਦੀਆਂ ਤਿੰਨੋਂ ਸੈਨਾਵਾਂ ਨੇ ਇਹ ਯੋਜਨਾ ਵਾਪਸ ਲੈਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਤਿੰਨਾਂ ਸੈਨਾਵਾਂ ਨੇ ਇਸ ਯੋਜਨਾ ਤਹਿਤ ਭਰਤੀ ਲਈ ਵਿਸਥਾਰਤ ਸ਼ਡਿਊਲ ਪੇਸ਼ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਥਿਆਰਬੰਦ ਦਸਤਿਆਂ ਦੇ ਉਮਰ ਸਬੰਧੀ ਪ੍ਰੋਫਾਈਲ ਨੂੰ ਘਟਾਉਣ ਲਈ ਇਹ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਯੋਜਨਾ ਖ਼ਿਲਾਫ਼ ਮੁਜ਼ਾਹਰਿਆਂ ਦੌਰਾਨ ਹਿੰਸਾ ਤੇ ਅੱਗਜ਼ਨੀ ’ਚ ਸ਼ਾਮਲ ਨੌਜਵਾਨ ਫੌਜ ’ਚ ਭਰਤੀ ਨਹੀਂ ਕੀਤੇ ਜਾਣਗੇ।
ਫੌਜੀ ਮਾਮਲਿਆਂ ਦੇ ਵਿਭਾਗ ਦੇ ਵਧੀਕ ਸਕੱਤਰ ਲੈਫਟੀਨੈਂਟ ਜਨਰਲ ਏ ਪੁਰੀ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਨੀਵੀਰਾਂ ਲਈ ਪਿਛਲੇ ਕੁਝ ਦਿਨਾਂ ਅੰਦਰ ਐਲਾਨੇ ਗਏ ਸਹਾਇਕ ਮਾਪਦੰਡ ਰੋਸ ਮੁਜ਼ਾਹਰਿਆਂ ਤੇ ਹਿੰਸਕ ਘਟਨਾਵਾਂ ਕਾਰਨ ਨਹੀਂ ਐਲਾਨੇ ਗਏ ਬਲਕਿ ਸਰਕਾਰ ਇਨ੍ਹਾਂ ’ਤੇ ਪਹਿਲਾਂ ਹੀ ਕੰਮ ਕਰ ਰਹੀ ਸੀ। ਸਰਕਾਰ ਵੱਲੋਂ ਯੋਜਨਾ ਵਾਪਸ ਲੈਣ ਦੀ ਸਮੀਖਿਆ ਕੀਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ, ‘ਨਹੀਂ, ਇਹ ਵਾਪਸ ਕਿਉਂ ਲਈ ਜਾਵੇ?’ ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਦੇ ਮੁਖੀਆਂ ਨਾਲ ਮੀਟਿੰਗ ਕੀਤੇ ਜਾਣ ਤੋਂ ਬਾਅਦ ਤਿੰਨਾਂ ਸੈਨਾਵਾਂ ਵੱਲੋਂ ਇਹ ਕਾਨਫਰੰਸ ਕੀਤੀ ਗਈ ਹੈ।
ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੀਆਂ ਤਿੰਨੋਂ ਸੇਵਾਵਾਂ ਦੇ ਉਮਰ ਸਬੰਧੀ ਪ੍ਰੋਫਾਈਲ ਨੂੰ ਘਟਾਉਣ ਦਾ ਵਿਸ਼ਾ ਲੰਮੇ ਸਮੇਂ ਤੋਂ ਵਿਚਾਰ ਅਧੀਨ ਸੀ ਅਤੇ ਦੁਨੀਆ ਦੇ ਕਈ ਮੁਲਕਾਂ ਦੀ ਫੌਜ ਤੇ ਭਰਤੀ ਪ੍ਰਕਿਰਿਆ ਦੇ ਅਧਿਐਨ ਮਗਰੋਂ ਇਹ ਭਰਤੀ ਯੋਜਨਾ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ 1999 ’ਚ ਬਣੀ ਕਾਰਗਿਲ ਸਮੀਖਿਆ ਕਮੇਟੀ ਨੇ ਵੀ ਇਸ ਬਾਰੇ ਸੁਝਾਅ ਦਿੱਤੇ ਸੀ। ਚਾਰ ਸਾਲ ਦੀ ਮਿਆਦ ਪੂਰੀ ਹੋਣ ਮਗਰੋਂ 75 ਫੀਸਦ ਅਗਨੀਵੀਰਾਂ ਨੂੰ ਕੱਢਣ ਦੀ ਮੱਦ ਬਾਰੇ ਲੈਫਟੀਨੈਂਟ ਜਨਰਲ ਪੁਰੀ ਨੇ ਕਿਹਾ ਕਿ ਤਿੰਨੋਂ ਸੈਨਾਵਾਂ ’ਚੋਂ ਤਕਰੀਬਨ 17,600 ਜਵਾਨ ਹਰ ਸਾਲ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰ ਅਗਨੀਪਥ ਯੋਜਨਾ ਤਹਿਤ ਕੱਢੇ ਜਾਣ ਵਾਲਿਆਂ ਦੀ ਗਿਣਤੀ ਇੰਨੀ ਨਹੀਂ ਹੋਵੇਗੀ। ਇਸ ਯੋਜਨਾ ਤਹਿਤ ਅਗਨੀਵੀਰਾਂ ਦੀ ਭਰਤੀ ਦੀ ਯੋਜਨਾ ਬਾਰੇ ਥਲ ਸੈਨਾ ਦੇ ਲੈਫਟੀਨੈਂਟ ਜਨਰਲ ਬੰਸੀ ਪੋਨੱਪਾ ਨੇ ਕਿਹਾ ਕਿ ਸੈਨਾ ਇਸ ਸਬੰਧੀ ਖਰੜਾ ਨੋਟੀਫਿਕੇਸ਼ਨ ਭਲਕੇ ਜਾਰੀ ਕਰੇਗੀ ਅਤੇ ਬਾਅਦ ਦੇ ਨੋਟੀਫਿਕੇਸ਼ਨ 1 ਜੁਲਾਈ ਤੋਂ ਸੈਨਾ ਦੀਆਂ ਵੱਖ ਵੱਖ ਭਰਤੀ ਇਕਾਈਆਂ ਜਾਰੀ ਕਰਨਗੀਆਂ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਤਹਿਤ ਭਰਤੀ ਰੈਲੀਆਂ ਅਗਸਤ, ਸਤੰਬਰ ਤੇ ਅਕਤੂਬਰ ’ਚ ਪੂਰੇ ਦੇਸ਼ ’ਚ ਹੋਣਗੀਆਂ। ਉਨ੍ਹਾਂ ਕਿਹਾ ਕਿ 25 ਹਜ਼ਾਰ ਕਰਮੀਆਂ ਦਾ ਪਹਿਲਾ ਬੈਚ ਦਸੰਬਰ ਦੇ ਪਹਿਲੇ ਤੇ ਦੂਜੇ ਹਫ਼ਤੇ ਸਿਖਲਾਈ ਪ੍ਰੋਗਰਾਮ ਨਾਲ ਜੁੜੇਗਾ ਅਤੇ ਦੂਜਾ ਬੈਚ 23 ਫਰਵਰੀ ਦੇ ਨੇੜੇ ਤੇੜੇ ਸਿਖਲਾਈ ’ਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਤਕਰੀਬਨ 40 ਹਜ਼ਾਰ ਕਰਮੀਆਂ ਦੀ ਚੋਣ ਲਈ ਦੇਸ਼ ਭਰ ’ਚ ਕੁੱਲ 83 ਭਰਤੀ ਰੈਲੀਆਂ ਕੀਤੀਆਂ ਜਾਣਗੀਆਂ। ਹਵਾਈ ਸੈਨਾ ’ਚ ਭਰਤੀ ਬਾਰੇ ਏਅਰ ਮਾਰਸ਼ਲ ਐਸ ਕੇ ਝਾਅ ਨੇ ਕਿਹਾ ਕਿ ਰਜਿਸਟਰੇਸ਼ਨ 24 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਭਰਤੀ ਦੇ ਪਹਿਲੇ ਗੇੜ ਲਈ 24 ਜੁਲਾਈ ਨੂੰ ਆਨਲਾਈਨ ਪ੍ਰੀਖਿਆ ਹੋਵੇਗੀ। ਉਨ੍ਹਾਂ ਕਿਹਾ, ‘ਅਸੀਂ ਰੰਗਰੂਟਾਂ ਦੇ ਪਹਿਲੇ ਬੈਚ ਦੀ ਸਿਖਲਾਈ 30 ਦਸੰਬਰ ਤੱਕ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ।’ ਜਨ ਸੈਨਾ ਦੀ ਯੋਜਨਾ ਦੇ ਵੇਰਵੇ ਦਿੰਦਿਆਂ ਵਾਈਸ ਐਡਮਿਰਲ ਦਿਨੇਸ਼ ਤ੍ਰਿਪਾਠੀ ਨੇ ਕਿਹਾ ਕਿ ਜਲ ਸੈਨਾ ਹੈੱਡਕੁਆਰਟਰ 25 ਜੂਨ ਨੂੰ ਭਰਤੀ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਪਹਿਲਾ ਬੈਚ 21 ਨਵੰਬਰ ਤੱਕ ਸਿਖਲਾਈ ਪ੍ਰੋਗਰਾਮ ਸ਼ੁਰੂ ਕਰੇਗਾ। ਉਨ੍ਹਾਂ ਦੱਸਿਆ ਕਿ ਜਲ ਸੈਨਾ ਇਸ ਯੋਜਨਾ ਤਹਿਤ ਪੁਰਸ਼ ਤੇ ਮਹਿਲਾਵਾਂ ਦੋਵਾਂ ਦੀ ਭਰਤੀ ਕਰ ਰਹੀ ਹੈ। -ਪੀਟੀਆਈ
ਸਰਕਾਰ ਨੂੰ ਅਸਥਿਰ ਕਰਨ ਲਈ ਕੌਮੀ ਸੁਰੱਖਿਆ ’ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ: ਭਾਜਪਾ
ਨਵੀਂ ਦਿੱਲੀ: ‘ਅਗਨੀਪਥ’ ਸੈਨਾ ਭਰਤੀ ਯੋਜਨਾ ਦੇ ਖ਼ਿਲਾਫ਼ ਹੋ ਰਹੇ ਰੋਸ ਮੁਜ਼ਾਹਰਿਆਂ ਵਿਚਾਲੇ ਭਾਜਪਾ ਨੇ ਅੱਜ ਵਿਰੋਧੀ ਧਿਰ ਉਤੇ ਕੌਮੀ ਸੁਰੱਖਿਆ ਅਤੇ ਹਥਿਆਰਬੰਦ ਬਲਾਂ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਅਗਨੀਪਥ ਯੋਜਨਾ ਦੇ ਵਿਰੋਧ ਵਿਚ ਹੋ ਰਹੇ ਮੁਜ਼ਾਹਰਿਆਂ ਦੇ ਸਮਰਥਨ ਵਿਚ ਕਾਂਗਰਸ ਦੇ ‘ਸਤਿਆਗ੍ਰਹਿ’ ਨੂੰ ‘ਸ਼ੁੱਧ ਰਾਜਨੀਤੀ’ ਕਰਾਰ ਦਿੱਤਾ। ਜੰਤਰ-ਮੰਤਰ ’ਤੇ ਪ੍ਰਿਯੰਕਾ ਗਾਂਧੀ ਵੱਲੋਂ ਦਿੱਤੇ ਬਿਆਨਾਂ ’ਤੇ ਪਾਤਰਾ ਨੇ ਕਿਹਾ, ‘ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸਰਕਾਰ ਨੂੰ ਡੇਗਣਾ ਹੈ। ਇਸ ਤੋਂ ਇਹ ਸਾਫ਼ ਹੈ ਕਿ ਉਨ੍ਹਾਂ ਨੂੰ ਦੇਸ਼ ਦੇ ਹਥਿਆਰਬੰਦ ਬਲਾਂ ਤੇ ਨੌਜਵਾਨਾਂ ਦੀ ਚਿੰਤਾ ਨਹੀਂ ਹੈ। ਇਹ ਦੁਖਦਾਈ ਹੈ।’ ਪਾਤਰਾ ਨੇ ਕਿਹਾ ਕਿ ਕੌਮੀ ਮਹੱਤਵ ਦੇ ਮੁੱਦਿਆਂ ਉਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪਰ ਅਜਿਹੇ ਵਿਸ਼ੇ ਉਤੇ ਸਿਆਸਤ ਹੋ ਰਹੀ ਹੈ ਤੇ ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਨੂੰ ਅੱਗੇ ਆ ਕੇ ਨੌਜਵਾਨਾਂ ਨੂੰ ਅਗਨੀਪਥ ਯੋਜਨਾ ਬਾਰੇ ਸਮਝਾਉਣਾ ਪੈ ਰਿਹਾ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ, ‘ਵਿਰੋਧੀ ਧਿਰ ਗੁਮਰਾਹ ਕਿਉਂ ਕਰ ਰਹੀ ਹੈ? ਆਖ਼ਰ ਉਹ ਚਾਹੁੰਦੇ ਕੀ ਹਨ?’ ਅਗਨੀਪਥ ਯੋਜਨਾ ਨੂੰ ਇਕ ਜ਼ਰੂਰੀ ਸੁਧਾਰ ਕਰਾਰ ਦਿੰਦਿਆਂ ਪਾਤਰਾ ਨੇ ਕਿਹਾ ਕਿ ਇਸ ਯੋਜਨਾ ਨਾਲ ਹਥਿਆਰਬੰਦ ਬਲਾਂ ਵਿਚ ਨੌਜਵਾਨਾਂ ਦੀ ਗਿਣਤੀ ਵਧੇਗੀ। ਉਨ੍ਹਾਂ ਕਿਹਾ ਕਿ ਸੈਨਾ ਵਿਚ ਜਵਾਨਾਂ ਦੀ ਔਸਤ ਉਮਰ ਘੱਟ ਕਰਨ ਦੀ ਤਜਵੀਜ਼ 1989 ਵਿਚ ਰੱਖੀ ਗਈ ਸੀ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਕਾਰਗਿਲ ਜੰਗ ਤੋਂ ਬਾਅਦ ਦੀਆਂ ਸਾਰੀਆਂ ਕਮੇਟੀਆਂ ਨੇ ਅਜਿਹੇ ਸੁਧਾਰਾਂ ਦੀ ਹਾਮੀ ਭਰੀ ਹੈ। -ਪੀਟੀਆਈ
ਹਿੰਸਾ ’ਚ ਸ਼ਾਮਲ ਨਾ ਹੋਣ ਬਾਰੇ ਦੇਣਾ ਪਵੇਗਾ ਸਰਟੀਫਿਕੇਟ
ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਵਿਰੋਧ ਦੌਰਾਨ ਹਿੰਸਾ ਤੇ ਅੱਗਜ਼ਨੀ ’ਚ ਸ਼ਾਮਲ ਨੌਜਵਾਨ ਫੌਜ ਦੀਆਂ ਤਿੰਨੇ ਸੇਵਾਵਾਂ ’ਚ ਭਰਤੀ ਹੋਣ ਦੇ ਯੋਗ ਨਹੀਂ ਹੋਣਗੇ ਅਤੇ ਨੌਜਵਾਨਾਂ ਨੂੰ ਭਰਤੀ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪੁਲੀਸ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ, ‘ਹਥਿਆਰਬੰਦ ਦਸਤਿਆਂ ’ਚ ਅਨੁਸ਼ਾਸਨਹੀਣਤਾ ਲਈ ਕੋਈ ਥਾਂ ਨਹੀਂ ਹੈ। ਇੱਥੇ ਅੱਗਜ਼ਨੀ ਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਜਿਹੜੇ ਵੀ ਅਗਨੀਪਥ ਯੋਜਨਾ ਤਹਿਤ ਭਾਰਤੀ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਿੰਸਾ ’ਚ ਸ਼ਾਮਲ ਨਾ ਹੋਣ ਸਬੰਧੀ ਸਰਟੀਫਿਕੇਟ ਦੇਣਾ ਪਵੇਗਾ।’
ਸਕਿਉਰਿਟੀ ਗਾਰਡ ਬਾਰੇ ਵਿਜੈਵਰਗੀਆ ਦੇ ਬਿਆਨ ਤੋਂ ਵਿਵਾਦ
ਇੰਦੌਰ: ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਅੱਜ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਆਪਣੇ ਪਾਰਟੀ ਦਫ਼ਤਰ ਲਈ ਸਕਿਉਰਿਟੀ ਗਾਰਡ ਦੀ ਲੋੜ ਪਏਗੀ ਤਾਂ ਉਹ ਅਗਨੀਵੀਰ ਵਜੋਂ ਸੇਵਾਵਾਂ ਦੇਣ ਵਾਲੇ ਨੌਜਵਾਨਾਂ ਨੂੰ ਪਹਿਲ ਦੇਣਗੇ। ਉਨ੍ਹਾਂ ਦੇ ਇਸ ਬਿਆਨ ਉਤੇ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਲੋਕਾਂ ਨੇ ਇਸ ਬਿਆਨ ਲਈ ਭਾਜਪਾ ਆਗੂ ਦੀ ਤਿੱਖੀ ਨਿਖੇਧੀ ਕੀਤੀ ਹੈ। ਮੱਧ ਪ੍ਰਦੇਸ਼ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਭਾਜਪਾ ਆਗੂ ਨੇ ਰੱਖਿਆ ਬਲਾਂ ਨੂੰ ‘ਬੇਇੱਜ਼ਤ’ ਕੀਤਾ ਹੈ ਤੇ ਇਸ ਲਈ ਭਾਜਪਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਬਿਆਨ ਤੋਂ ਬਾਅਦ ਵਿਵਾਦਾਂ ’ਚ ਘਿਰੇ ਕੈਲਾਸ਼ ਵਿਜੈਵਰਗੀਆ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ‘ਅਗਨੀਵੀਰਾਂ’ ਦੀ ਕਾਬਲੀਅਤ ਨੂੰ ਸੇਵਾਵਾਂ ਪੂਰੀਆਂ ਹੋਣ ਤੋਂ ਬਾਅਦ ਕਿਸੇ ਵੀ ਖੇਤਰ ਵਿਚ ਵਰਤਿਆ ਜਾ ਸਕਦਾ ਹੈ। ਉਹ ਰੱਖਿਆ ਬਲਾਂ ਵਿਚ ਸੇਵਾਵਾਂ ਦੇਣ ਤੋਂ ਬਾਅਦ ਕੋਈ ਵੀ ਖੇਤਰ ਚੁਣ ਸਕਦੇ ਹਨ। ਵਿਜੈਵਰਗੀਆ ਨੇ ਕਿਹਾ ਕਿ ‘ਟੂਲਕਿੱਟ ਗੈਂਗ’ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਟਵੀਟ ਕਰਦਿਆਂ ਕਿਹਾ, ‘ਭਾਰਤੀ ਸੈਨਾ ਦੀ ਬਹਾਦਰੀ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ ਤੇ ਭਾਜਪਾ ਦਾ ਕੌਮੀ ਜਨਰਲ ਸਕੱਤਰ ਸੈਨਿਕਾਂ ਨੂੰ ਸੇਵਾਮੁਕਤੀ ਤੋਂ ਬਾਅਦ ਚੌਕੀਦਾਰ ਦੀ ਨੌਕਰੀ ਦੀ ਪੇਸ਼ਕਸ਼ ਕਰ ਰਿਹਾ ਹੈ। ਭਾਰਤੀ ਸੈਨਾ ਭਾਰਤ ਮਾਤਾ ਦੀ ਸੇਵਾ ਦਾ ਜ਼ਰੀਆ ਹੈ ਨਾ ਕਿ ਸਿਰਫ਼ ਇਕ ਨੌਕਰੀ।’ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ਆਗੂ ਦੇ ਬਿਆਨ ਨੂੰ ਨੌਜਵਾਨਾਂ ਤੇ ਦੇਸ਼ ਦੇ ਸੈਨਿਕਾਂ ਦਾ ਅਪਮਾਨ ਕਰਾਰ ਦਿੱਤਾ। -ਪੀਟੀਆਈ
ਮੁਜ਼ਾਹਰਿਆਂ ਮਗਰੋਂ ਕਈ ਰੇਲ ਗੱਡੀਆਂ ਰੱਦ
ਕੋਲਕਾਤਾ/ਹੈਦਰਾਬਾਦ: ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਚੱਲ ਰਹੇ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਪੂਰਬੀ ਰੇਲਵੇ ਨੇ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਸਮੇਤ ਕੋਲਕਾਤਾ ਤੇ ਹੋਰਨਾਂ ਥਾਵਾਂ ਨੂੰ ਮੁਲਕ ਦੇ ਪੂਰਬੀ ਹਿੱਸਿਆਂ ਨਾਲ ਜੋੜਨ ਵਾਲੀਆਂ ਕਈ ਰੇਲਗੱਡੀਆਂ ਰੱਦ ਕਰਕੇ ਨਵੇਂ ਸਿਰੇ ਤੋਂ ਸਮਾਂ ਸਾਰਨੀਆਂ ਸੂਚੀਬੱਧ ਕੀਤੀਆਂ ਹਨ। ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ ਬਾਅਦ ਸਟੇਸ਼ਨ ਤੋਂ ਚੱਲੀ। ਅਧਿਕਾਰੀ ਨੇ ਦੱਸਿਆ ਕਿ ਕੁੱਲ 29 ਰੇਲਗੱਡੀਆਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੂਰਵਾ ਐਕਸਪ੍ਰੈੱਸ, ਹਾਵੜਾ-ਕਾਲਕਾ ਨੇਤਾਜੀ ਐਕਸਪ੍ਰੈੱਸ, ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ, ਯੋਗ ਨਗਰੀ ਰਿਸ਼ੀਕੇਸ਼ ਦੂਨ ਐਕਸਪ੍ਰੈੱਸ, ਸਿਆਲਦਾ-ਜਯਨਗਰ ਗੰਗਾਸਾਗਰ ਐਕਸਪ੍ਰੈੱਸ ਤੇ ਕੋਲਕਾਤਾ-ਗੋਰਖਪੁਰ ਪੂਰਬਾਂਚਲ ਐਕਸਪ੍ਰੈੱਸ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਹਾਵੜਾ-ਡਬਿਰੂਗੜ੍ਹ ਕਾਮਰੂਪ ਐਕਸਪ੍ਰੈੱਸ ਤਕਨੀਕੀ ਕਾਰਨਾਂ ਕਾਰਨ ਅੱਜ ਲਈ ਰੱਦ ਕਰ ਦਿੱਤੀ ਗਈ ਸੀ। ਦੂਜੇ ਪਾਸੇ, ਅਸਾਮ ਦੇ ਕਈ ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਕਾਰਨ ਵੀ ਵੱਡੇ ਪੱਧਰ ’ਤੇ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸੇ ਦੌਰਾਨ ਸਿਕੰਦਰਾਬਾਦ ਰੇਲਵੇ ਸਟੇਸ਼ਨ ’ਤੇ ਹੋਈ ਹਿੰਸਾ ਕਾਰਨ ਅੱਜ ਤੀਜੇ ਦਿਨ ਲਗਾਤਾਰ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਸਾਊਥ ਸੈਂਟਰਲ ਰੇਲਵੇ (ਐੱਸਸੀਆਰ) ਨੇ ਛੇ ਰੇਲਗੱਡੀਆਂ ਰੱਦ ਕਰ ਦਿੱਤੀਆਂ ਤੇ ਦੋ ਰੇਲਗੱਡੀਆਂ ਨੂੰ ਮੁੜ ਸਮਾਂਬੱਧ ਕੀਤਾ ਹੈ। ਰੱਦ ਕੀਤੀਆਂ ਗਈਆਂ ਰੇਲਗੱਡੀਆਂ ਵਿੱਚ ਕੇਐੱਸਆਰ ਬੰਗਲੁਰੂ-ਦਾਨਾਪੁਰ, ਦਾਨਾਪੁਰ-ਕੇਐੱਸਆਰ ਬੰਗਲੁਰੂ, ਐੱਸਵਾਈਐੱਮਟੀ ਬੰਗਲੁਰੂ-ਪਟਨਾ, ਦਾਨਾਪੁਰ-ਸਿਕੰਦਰਾਬਾਦ, ਗਯਾ-ਚੇਨੱਈ ਸੈਂਟਰਲ ਤੇ ਰਿਸੌਲ-ਹੈਦਰਾਬਾਦ ਸ਼ਾਮਲ ਹਨ। ਇਸੇ ਤਰ੍ਹਾਂ ਚੇਨੱਈ ਸੈਂਟਰਲ-ਐੱਚ ਨਿਜ਼ਾਮੂਦੀਨ ਤੇ ਅਰਨਾਕੁਲਮ-ਪਟਨਾ ਨੂੰ ਮੁੜ ਸਮਾਂਬੱਧ ਕੀਤਾ ਗਿਆ ਹੈ। -ਆਈਏਐੱਨਐੱਸ