ਜੰਮੂ, 10 ਅਗਸਤ
ਥਲ ਸੈਨਾ ਨੇ ਪਿਛਲੇ ਹਫ਼ਤੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਰਣਜੀਤ ਸਾਗਰ ਡੈਮ ਝੀਲ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਫ਼ੌਜੀ ਹੈਲੀਕਾਪਟਰ ਦੇ ਦੋ ਲਾਪਤਾ ਪਾਇਲਟਾਂ ਦਾ ਪਤਾ ਲਗਾਉਣ ਲਈ ਕੌਮਾਂਤਰੀ ਮਦਦ ਮੰਗੀ ਹੈ। ਪਾਇਲਟਾਂ ਨੂੰ ਲੱਭਣ ਦੀ ਕਾਰਵਾਈ ਅੱਜ ਅੱਠਵੇਂ ਦਿਨ ਵੀ ਜਾਰੀ ਰਹੀ। ਜੰਮੂ ਵਿੱਚ ਥਲ ਸੈਨਾ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦੱਸਿਆ ਕਿ ਪਾਇਲਟਾਂ ਦਾ ਪਤਾ ਲਗਾਉਣ ਲਈ 60 ਵਰਗ ਮੀਟਰ ਦੇ ਖੇਤਰ ਦੀ ਪਛਾਣ ਕੀਤੀ ਗਈ ਹੈ ਅਤੇ ਅਪਰੇਸ਼ਨ ਨੂੰ ਅੰਤਿਮ ਰੂਪ ਦੇਣ ਲਈ ਕੋਚੀ, ਕੇਰਲ ਤੋਂ ਵਿਸ਼ੇਸ਼ ਸੋਨਾਰ ਯੰਤਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਲਾਪਤਾ ਪਾਇਲਟਾਂ ਵਿੱਚੋਂ ਇਕ ਦੇ ਛੋਟੇ ਭਰਾ ਨੇ ਦੋਸ਼ ਲਗਾਇਆ ਸੀ ਕਿ ਬਚਾਅ ਤੇ ਭਾਲ ਮੁਹਿੰਮ ਸੁਸਤ ਗਤੀ ਨਾਲ ਚੱਲ ਰਹੀ ਹੈ।
ਕਰਨਲ ਆਨੰਦ ਨੇ ਕਿਹਾ ਕਿ ਫ਼ੌਜ ਦੇ ਅਧਿਕਾਰੀ ਹੈਲੀਕਾਪਟਰ ਦੀ ਖੋਜ ’ਚ ਕੋਈ ਕਸਰ ਨਹੀਂ ਛੱਡ ਰਹੇ। ਫ਼ੌਜ, ਭਾਰਤੀ ਜਲ ਸੈਨਾ ਦੇ ਗੋਤਾਖੋਰਾਂ ਦੀਆਂ ਟੀਮਾਂ ਦੇ ਯਤਨਾਂ ਵਿੱਚ ਉਨ੍ਹਾਂ ਦਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਖ਼ਰਾਬ ਮੌਸਮ ਤੇ ਮੀਂਹ ਦੇ ਬਾਵਜੂਦ ਤਲਾਸ਼ ਮੁਹਿੰਮ ਜਾਰੀ ਹੈ। -ਪੀਟੀਆਈ