ਨਵੀਂ ਦਿੱਲੀ, 15 ਮਾਰਚ
ਸਰਵਿਸਿਜ਼ ਸਿਲੈਕਸ਼ਨ ਬੋਰਡ (ਐੈੱਸਐੱਸਬੀ) ਕੇਂਦਰਾਂ ਰਾਹੀਂ ਭਰਤੀ ’ਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸੀਬੀਆਈ ਨੇ ਲੈਫ਼ਟੀਨੈਂਟ ਕਰਨਲ ਰੈਂਕ ਦੇ ਛੇ ਅਧਿਕਾਰੀਆਂ ਤੇ ਕੁਝ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਵੱਲੋਂ ਇਸ ਸਬੰਧ ’ਚ ਕੁਝ ਥਾਈਂ ਛਾਪੇ ਵੀ ਮਾਰੇ ਗਏ ਹਨ। ਅਧਿਕਾਰੀਆਂ ਮੁਤਾਬਕ ਨਾਮਜ਼ਦਾਂ ’ਚ ਆਰਮੀ ਏਅਰ ਡਿਫ਼ੈਂਸ ਕੋਰ ਦੀ ਐੱਮਸੀਐੱਸਐੱਨਏ ਦੇ ਲੈਂਫਟੀਨੈਂਟ ਕਰਨਲ ਭਗਵਾਨ, ਜਿਸ ਨੂੰ ਭਰਤੀ ਗਰੋਹ ਦਾ ਸਰਗਨਾ ਮੰਨਿਆ ਜਾਂਦਾ ਹੈ, ਵੀ ਸ਼ਾਮਲ ਹੈ। ਸੀਬੀਆਈ ਵੱਲੋਂ ਇਹ ਕਾਰਵਾਈ ਬ੍ਰਿਗੇਡੀਅਰ (ਵਿਜੀਲੈਂਸ) ਵੀ.ਕੇ. ਪੁਰੋਹਿਤ ਵੱਲੋਂ ਲੰਘੀ 28 ਫਰਵਰੀ ਨੂੰ ਕੀਤੀ ਸ਼ਿਕਾਇਤ ’ਤੇ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਸੂਚਨਾ ਮਿਲੀ ਹੈ ਕਿ ਰਿਜੈਕਟ ਹੋਏ ਅਫਸਰ ਉਮੀਦਵਾਰਾਂ ਨੂੰ ਹਸਪਤਾਲ ’ਚ ਮੈਡੀਕਲ ਪ੍ਰੀਖਿਆ ਪਾਸ ਕਰਵਾਉਣ ਲਈ ਕੁਝ ਨੌਕਰੀਸ਼ੁਦਾ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਵੱਢੀ ਲਈ ਹੈ। ਸੀਬੀਆਈ ਇਸ ਮਾਮਲੇ ’ਚ ਹੁਣ ਤੱਕ ਫ਼ੌਜ ਦੇ ਮੁਲਾਜ਼ਮਾਂ ਤੇ ਹੋਰਨਾਂ ਸਣੇ 23 ਜਣਿਆਂ ਨੂੰ ਨਾਮਜ਼ਦ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਅਧਿਕਾਰੀਆਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। -ਪੀਟੀਆਈ