ਉਧਗਾਮੰਡਲਮ (ਤਾਮਿਲਨਾਡੂ), 17 ਮਈ
ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਕਿਹਾ ਕਿ ਭਾਰਤ ਮੌਜੂਦਾ ਸਮੇਂ ਕਾਫ਼ੀ ਜਟਿਲ ਤੇ ਅਣਕਿਆਸੇ ਭੂ-ਰਾਜਨੀਤਕ ਪ੍ਰਸਥਿਤੀਆਂ ’ਚ ਸੁਰੱਖਿਆ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਮੁਲਕ ਦੀਆਂ ਰੱਖਿਆ ਸੈਨਾਵਾਂ ਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਤੇ ਸੁਰੱਖਿਆ ਸਬੰਧੀ ਕਿਸੇ ਵੀ ਚੁਣੌਤੀ ਦਾ ਮੂੰਹ ਤੋੜ ਜੁਆਬ ਦੇਣ ਲਈ ਤਿਆਰ ਰਹਿਣ ਵਾਸਤੇ ਕਿਹਾ।
ਪਿਛਲੇ 52 ਵਰ੍ਹਿਆਂ ’ਚ ਵੈਲਿੰਗਟਨ ਸਥਿਤ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਦਾ ਦੌਰਾ ਕਰਨ ਵਾਲੇ ਮੁਲਕ ਦੇ ਪਹਿਲੇ ਉਪ ਰਾਸ਼ਟਰਪਤੀ ਸ੍ਰੀ ਨਾਇਡੂ ਨੇ ਵਰਤਮਾਨ ਨਵੀਆਂ ਤੇ ਭਵਿੱਖ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਭਾਰਤੀ ਫ਼ੌਜ ਨੂੰ ‘ਭਵਿੱਖ ਦੇ ਰੱਖਿਆ ਬਲ’ ਵਜੋਂ ਤਿਆਰ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਤਤਕਾਲੀ ਉਪ ਰਾਸ਼ਟਰਪਤੀ ਗੋਪਾਲ ਸਵਰੂਪ ਪਾਠਕ ਨੇ 1970 ਵਿੱਚ ਇਸ ਕਾਲਜ ਦਾ ਦੌਰਾ ਕੀਤਾ ਸੀ। ਸ੍ਰੀ ਨਾਇਡੂ ਨੇ ਕਾਲਜ ਦੇ ਅਫ਼ਸਰਾਂ ਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਕਿਹਾ,‘ਸਾਨੂੰ ਵਰਤਮਾਨ ਸਮੇਂ ਮੁਲਕ ਦੇ ਅੰਦਰੋਂ ਤੇ ਬਾਹਰੋਂ ਵੱਖੋ-ਵੱਖਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ, ਸਾਡੇ ਮੁਲਕ ਦੀਆਂ ਰੱਖਿਆ ਸੈਨਾਵਾਂ ਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਰਹਿਣ ਤੇ ਸੁਰੱਖਿਆ ਸਬੰਧੀ ਕਿਸੇ ਵੀ ਚੁਣੌਤੀ ਦਾ ਮੂੰਹ ਤੋੜ ਜੁਆਬ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਸ੍ਰੀ ਨਾਇਡੂ ਨੇ ਚਿਤਾਵਨੀ ਦਿੰਦਿਆਂ ਕਿਹਾ,‘ਭਾਰਤ ਦਾ ਨਜ਼ਰੀਆ ਕਦੇ ਵੀ ਮੁਲਕ ਦਾ ਵਿਸਥਾਰ ਕਰਨਾ ਵਾਲਾ ਨਹੀਂ ਰਿਹਾ ਹੈ ਤੇ ਇਸਦਾ ਦ੍ਰਿਸ਼ਟੀਕੋਣ ਹਮੇਸ਼ਾ ਸ਼ਾਂਤਮਈ ਸਹਿਹੋਂਦ ਵਾਲਾ ਰਿਹਾ ਹੈ ਜਿਸਨੇ ਦਹਿਸ਼ਤੀ ਤਾਕਤਾਂ ਦਾ ਮੁਕਾਬਲਾ ਡਟ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਯਕੀਨ ਹੈ ਕਿ ਬਾਹਰੀ ਤਾਕਤਾਂ ਵੱਲੋਂ ਭਾਰਤ ਦੀ ਪ੍ਰਭੂਸੱਤਾ ’ਤੇ ਡਾਕਾ ਮਾਰਨ ਦੀ ਕਿਸੇ ਵੀ ਕੋਸ਼ਿਸ਼ ਦਾ ਜੁਆਬ ਸਾਡੇ ਸੁਰੱਖਿਆ ਬਲਾਂ ਵੱਲੋਂ ਸਹੀ ਢੰਗ ਨਾਲ ਦਿੱਤਾ ਜਾਵੇਗਾ। ਸ੍ਰੀ ਨਾਇਡੂ ਨੇ ਸਟਾਫ਼ ਤੇ ਟਰੇਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ,‘ਤੁਹਾਨੂੰ ਇਸ ਮਹਾਨ ਸੰਸਥਾ ਦਾ ਸਟਾਫ਼ ਤੇ ਟਰੇਨਰ ਹੋਣ ਦੇ ਨਾਤੇ ਤਬਦੀਲੀ ਦਾ ਸੂਤਰ ਬਣਨਾ ਚਾਹੀਦਾ ਹੈ ਤੇ ਸਾਰੇ ਵਿਦਿਆਰਥੀਆਂ ਵਿੱਚ ਸਾਂਝੀਵਾਲਤਾ ਤੇ ਏਕਤਾ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਅੱਜ ਦੇ ਭੂ-ਰਣਨੀਤਕ ਤੇ ਭੂ-ਰਾਜਨੀਤਕ ਸਥਿਤੀਆਂ, ਦਹਿਸ਼ਤਵਾਦ ਤੇ ਵਾਤਾਵਰਨ ਤਬਦੀਲੀ ਨੇ ਸੁਰੱਖਿਆ ਸਬੰਧੀ ਮਸਲਿਆਂ ਨੂੰ ਹੋਰ ਜਟਿਲ ਬਣਾ ਦਿੱਤਾ ਹੈ। ਇਸ ਲਈ, ਅਜਿਹੇ ਮਸਲਿਆਂ ਦੀ ਡੂੰਘੀ ਸਮਝ ਹੋਣੀ ਬਹੁਤ ਜ਼ਰੂਰੀ ਹੈ। -ਪੀਟੀਆਈ