ਜੰਮੂ, 12 ਅਗਸਤ
ਜੰਮੂ ਕਸ਼ੀਮਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਇਕ ਕੈਂਪ ’ਤੇ ਹੋਏ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਚਾਰ ਸੈਨਿਕਾਂ ਨੂੰ ਅੱਜ ਫ਼ੌਜ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਭੇਜ ਦਿੱਤੀਆਂ ਗਈਆਂ।
ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ, ‘‘ਜੰਮੂ ਵਿੱਚ ਹਵਾਈ ਸੈਨਾ ਸਟੇਸ਼ਨ ’ਤੇ ਹੋਏ ਇਕ ਸ਼ਰਧਾਂਜਲੀ ਸਮਾਰੋਹ ਦੌਰਾਨ ਫ਼ੌਜ ਵੱਲੋਂ ਆਪਣੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਨ੍ਹਾਂ ਸੈਨਿਕਾਂ ਨੇ ਰਾਜੌਰੀ ਵਿੱਚ ਪਰਗਾਲ ’ਚ ਅਤਿਵਾਦੀ ਵਿਰੋਧੀ ਕਾਰਵਾਈ ਦੌਰਾਨ ਆਪਣੇ ਜੀਵਨ ਦਾ ਬਲੀਦਾਨ ਦਿੱਤਾ।’’
ਫ਼ੌਜ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਤੇ ਸੀਨੀਅਰ ਫ਼ੌਜੀ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਸੈਨਿਕਾਂ ਵਿੱਚ ਰਾਜਸਥਾਨ ਦਾ ਸੂਬੇਦਾਰ ਰਾਜੇਂਦਰ ਪ੍ਰਸਾਦ, ਹਰਿਆਣਾ ਦੇ ਫਰੀਦਾਬਾਦ ਦਾ ਰਾਈਫਲਮੈਨ ਮਨੋਜ ਕੁਮਾਰ, ਤਾਮਿਲਨਾਡੂ ਦੇ ਮਦੁਰਾਈ ਦਾ ਰਹਿਣ ਵਾਲਾ ਰਾਈਫਲਮੈਨ ਲਕਸ਼ਮਨਨ ਡੀ ਅਤੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦਾ ਰਾਈਫਲਮੈਨ ਨਿਸ਼ਾਂਤ ਮਲਿਕ ਸ਼ਾਮਲ ਹਨ। ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਫ਼ੌਜੀ ਹਵਾਈ ਜਹਾਜ਼ ਵਿੱਚ ਸ਼ਹੀਦ ਸੈਨਿਕਾਂ ਦੀਆਂ ਮ੍ਰਿਤਕ ਦੇਹਾਂ ਦਿੱਲੀ ਭੇਜੀਆਂ ਗਈਆਂ, ਜਿੱਥੋਂ ਅੱਗੇ ਸ਼ਹੀਦਾਂ ਦੇ ਜੱਦੀ ਸ਼ਹਿਰ ਜਾਂ ਪਿੰਡ ਭੇਜੀਆਂ ਗਈਆਂ। -ਪੀਟੀਆਈ