ਈਟਾਨਗਰ, 18 ਨਵੰਬਰ
ਭਾਰਤੀ ਹਵਾਈ ਸੈਨਾ ਦੇ ਐੱਮਆਈ-17 ਹੈਲੀਕਾਪਟਰ ’ਚ ਤਕਨੀਕੀ ਨੁਕਸ ਆਉਣ ਤੋਂ ਬਾਅਦ ਇਸ ਨੂੰ ਪੂਰਬੀ ਅਰੁਣਾਚਲ ਪ੍ਰਦੇਸ਼ ’ਚ ਹੰਗਾਮੀ ਹਾਲਾਤ ’ਚ ਉਤਾਰਿਆ ਗਿਆ। ਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਹੈਲੀਕਾਪਟਰ ’ਚ ਦੋ ਪਾਇਲਟ ਤੇ ਚਾਲਕ ਟੀਮ ਦੇ ਤਿੰਨ ਮੈਂਬਰ ਸਵਾਰ ਸਨ। ਸੂਤਰਾਂ ਨੇ ਦੱਸਿਆ ਕਿ ਉਹ ਪੰਜੇ ਮਾਮੂਲੀ ਜ਼ਖ਼ਮੀ ਹੋਏ ਹਨ ਪਰ ਸੁਰੱਖਿਅਤ ਹਨ। ਰਾਜ ਦੇ ਲੋਹਿਟ ਸੈਕਟਰ ’ਚ ਹੰਗਾਮੀ ਹਾਲਤ ’ਚ ਉੱਤਰਿਆ ਹੈਲੀਕਾਪਟਰ ਰੱਖ ਰਖਾਅ ਉਡਾਣ ’ਤੇ ਸੀ। ਸੂਤਰਾਂ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ ਇੰਕੁਆਇਰੀ ਦੇ ਹੁਕਮ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸਤੰਬਰ ’ਚ ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਪਤਨੀਟੋਪ ਨੇੜੇ ਸ਼ਿਵਗੜ੍ਹ ਧਾਰ ਇਲਾਕੇ ਦੀਆਂ ਪਹਾੜੀਆਂ ’ਚ ਫੌਜ ਦਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਦੋ ਪਾਇਲਟਾਂ ਦੀ ਮੌਤ ਹੋ ਗਈ ਸੀ। -ਪੀਟੀਆਈ