ਜੰਮੂ, 19 ਅਕਤੂਬਰ
ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਜੰਮੂ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਮੂਹਰਲੀਆਂ ਚੌਕੀਆਂ ਦਾ ਦੌਰਾ ਕਰਕੇ ਜ਼ਮੀਨੀ ਹਾਲਾਤ ਤੇ ਘੁਸਪੈਠ ਰੋਕਣ ਲਈ ਚੱਲ ਰਹੇ ਅਪਰੇਸ਼ਨਾਂ ਦਾ ਜਾਇਜ਼ਾ ਲਿਆ। ਥਲ ਸੈਨਾ ਮੁਖੀ ਦੋ ਰੋਜ਼ਾ ਫੇਰੀ ਤਹਿਤ ਸੋਮਵਾਰ ਨੂੰ ਜੰਮੂ ਪੁੱਜੇ ਸਨ ਤੇ ਉਨ੍ਹਾਂ ਦੀ ਇਹ ਫੇਰੀ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਇਕ ਹਫ਼ਤੇ ਦੌਰਾਨ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਦੀਆਂ ਸਰਹੱਦਾਂ ਨੇੜਲੇ ਜੰਗਲ ਵਿੱਚ ਦਹਿਸ਼ਤਗਰਦਾਂ ਖਿਲਾਫ਼ ਵਿੱਢੇ ਅਪਰੇਸ਼ਨ ਵਿੱਚ ਹੁਣ ਤੱਕ ਸੁਰੱਖਿਆ ਬਲਾਂ ਦੇ ਨੌਂ ਜਵਾਨ ਸ਼ਹੀਦ ਹੋ ਚੁੱਕੇ ਹਨ।
ਭਾਰਤੀ ਫੌਜ ਦੇ ਵਧੀਕ ਡਾਇਰੈਕਟੋਰੇਟ ਜਨਰਲ ਪਬਲਿਕ ਇਨਫਰਮੇਸ਼ਨ ਨੇ ਇਕ ਟਵੀਟ ਵਿੱਚ ਕਿਹਾ, ‘‘ਜਨਰਲ ਐੱਮ.ਐੱਮ.ਨਰਵਾਣੇ ਨੇ ਕੰਟਰੋਲ ਰੇਖਾ ਦੇ ਨਾਲ ਵ੍ਹਾਈਟ ਨਾਈਟ ਕੋਰ ਅਧੀਨ ਆਉਂਦੀਆਂ ਮੂਹਰਲੀਆਂ ਚੌਕੀਆਂ ਦਾ ਨਿਰੀਖਣ ਕਰਕੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਫੌਜੀ ਕਮਾਂਡਰਾਂ ਨੇ ਥਲ ਸੈਨਾ ਮੁਖੀ ਨੂੰ ਮੌਜੂਦਾ ਜ਼ਮੀਨੀ ਹਾਲਾਤ ਤੇ ਦਹਿਸ਼ਤਗਰਦਾਂ ਦੀ ਘੁਸਪੈਠ ਨੂੰ ਰੋਕਣ ਲਈ ਚਲਾਏ ਅਪਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ।’’ ਅਧਿਕਾਰੀਆਂ ਨੇ ਕਿਹਾ ਕਿ ਥਲ ਸੈਨਾ ਮੁਖੀ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਤੇ ਪੁਣਛ ਵੀ ਗਏ ਜਿੱਥੇ ਮੇਂਧੜ, ਸੂਰਨਕੋਟ ਤੇ ਥਾਣਾਮੰਡੀ ਦੇ ਜੰਗਲੀ ਖੇਤਰ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ 11 ਅਕਤੂਬਰ ਤੋਂ ਵੱਡੀ ਕਾਰਵਾਈ ਜਾਰੀ ਹੈ। ਕਾਬਿਲੇਗੌਰ ਹੈ ਕਿ ਦਹਿਸ਼ਤਗਰਦ ਇਸ ਮਹੀਨੇ ਦੌਰਾਨ ਹੁਣ ਤੱਕ ਗੈਰ-ਕਸ਼ਮੀਰੀ ਪਰਵਾਸੀ ਕਾਮਿਆਂ ਤੇ ਘੱਟ ਗਿਣਤੀ ਫਿਰਕੇ ਦੇ 11 ਵਿਅਕਤੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾ ਚੁੱਕੇ ਹਨ। ਉਧਰ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਲੰਘੇ ਦਿਨ ਕਿਹਾ ਸੀ ਕਿ ਦਹਿਸ਼ਤਗਰਦਾਂ ਕੋਲੋਂ ਖ਼ੂਨ ਦੀ ਇਕ ਇਕ ਬੂੰਦ ਦਾ ਹਿਸਾਬ ਲਿਆ ਜਾਵੇਗਾ। ਜੰਗਲ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਸ਼ੁਰੂ ਕੀਤਾ ਆਪਰੇਸ਼ਨ ਅੱਜ 11ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਨ੍ਹਾਂ ਦਹਿਸ਼ਤਗਰਦਾਂ ਦੀ ਹਮਾਇਤ ਤੇ ਹੋਰ ਲੋੜੀਂਦਾ ਸਾਜ਼ੋ-ਸਾਮਾਨ ਮੁਹੱਈਆ ਕਰਨ ਦੇ ਦੋਸ਼ ਵਿੱਚ ਮਾਂ-ਪੁੱਤਰ ਸਮੇਤ ਕੁੱਲ ਅੱਠ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। -ਪੀਟੀਆਈ
ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ
ਜੰਮੂ: ਪੁਣਛ ਤੇ ਰਾਜੌਰੀ ਦੇ ਜੰਗਲਾਂ ਵਿੱਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਸੁਰੱਖਿਆ ਬਲਾਂ ਵੱਲੋਂ ਪਿਛਲੇ ਨੌਂ ਦਿਨਾਂ ਤੋਂ ਜਾਰੀ ਆਪਰੇਸ਼ਨ ਦਰਮਿਆਨ ਜੰਮੂ ਤੇ ਕਸ਼ਮੀਰ ਪੁਲੀਸ ਨੇ ਅੱਜ ਮੇਂਧੜ ਤੇ ਹੋਰਨਾਂ ਖੇਤਰਾਂ ਵਿੱਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਹਦਾਇਤ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਸਥਾਨਕ ਮਸਜਿਦਾਂ ਵਿਚ ਲੱਗੇ ਲਾਊਡ ਸਪੀਕਰਾਂ ਰਾਹੀਂ ਚੌਕਸ ਕੀਤਾ ਗਿਆ ਹੈ ਕਿ ਉਹ ਘਰਾਂ ’ਚੋਂ ਬਾਹਰ ਨਾ ਨਿਕਲਣ ਕਿਉਂਕਿ ਸੁਰੱਖਿਆ ਬਲਾਂ ਵੱਲੋਂ ਪੁਣਛ ਜ਼ਿਲ੍ਹੇ ਦੇ ਮੇਂਧੜ ’ਚ ਜੰਗਲਾਤ ਖੇਤਰ ਵਿੱਚ ਲੁਕੇ ਦਹਿਸ਼ਤਗਰਦਾਂ ’ਤੇ ਆਖਰੀ ਹੱਲਾ ਬੋਲਣ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹੀ ਨਹੀਂ ਲੋਕਾਂ ਨੂੰ ਆਪਣੇ ਪਸ਼ੂ ਵੀ ਘਰਾਂ ’ਚ ਹੀ ਰੱਖਣ ਲਈ ਕਿਹਾ ਗਿਆ ਹੈ ਤੇ ਜਿਹੜੇ ਲੋਕ ਆਪਣੇ ਪਸੂਆਂ ਨਾਲ ਬਾਹਰ ਹਨ ਉਨ੍ਹਾਂ ਨੂੰ ਵੀ ਮੁੜਨ ਲਈ ਆਖ ਦਿੱਤਾ ਗਿਆ ਹੈ। -ਪੀਟੀਆਈ
ਕਸ਼ਮੀਰ ’ਚ ਆਮ ਲੋਕਾਂ ਦੀ ਹੱਤਿਆ ਦੀ ਜਾਂਚ ਐੱਨਆਈਏ ਨੂੰ ਸੌਂਪਣ ਦੀ ਤਿਆਰੀ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲਾ ਕਸ਼ਮੀਰ ਵਾਦੀ ਵਿੱਚ ਦਹਿਸ਼ਤਗਰਦਾਂ ਵੱਲੋਂ ਮਿੱਥ ਕੇ ਆਮ ਨਾਗਰਿਕਾਂ ਖਾਸ ਕਰਕੇ ਗੈਰ-ਕਸ਼ਮੀਰੀ ਪਰਵਾਸੀ ਕਾਮਿਆਂ ਤੇ ਘੱਟਗਿਣਤੀਆਂ ਦੀਆਂ ਕੀਤੀਆਂ ਹੱਤਿਆਵਾਂ ਨਾਲ ਜੁੜੇ ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਸਕਦਾ ਹੈ। ਸੂਤਰਾਂ ਮੁਤਾਬਕ ਇਨ੍ਹਾਂ ਹੱਤਿਆਵਾਂ ਦੀ ਜਾਂਚ ਇਕ ਨਿਰਧਾਰਿਤ ਸ਼ੈਲੀ ਵੱਲ ਇਸ਼ਾਰਾ ਕਰਦੀ ਹੈ, ਜੋ ਇਸ ਮਾਮਲੇ ਦੀ ਦਹਿਸ਼ਤੀ ਪੱਖ ਤੋਂ ਜਾਂਚ ਮੰਗਦਾ ਹੈ। ਲਿਹਾਜ਼ਾ ਕੌਮੀ ਅਤਿਵਾਦ ਵਿਰੋਧੀ ਜਾਂਚ ਏਜੰਸੀ ਨੂੰ ਤਫ਼ਤੀਸ਼ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਲੰਘੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਹੋਈ ਕੌਮੀ ਸੁਰੱਖਿਆ ਰਣਨੀਤੀ ਕਾਨਫਰੰਸ ਦੌਰਾਨ ਵੀ ਸਾਰੀਆਂ ਸਬੰਧਤ ਧਿਰਾਂ ਨਾਲ ਇਸ ਮੁੱਦੇ ’ਤੇ ਚਰਚਾ ਹੋਈ ਸੀ। ਸਰਕਾਰ ਵਿਚਲੇ ਇਕ ਹੋਰ ਸੂਤਰ ਨੇ ਕਿਹਾ ਕਿ ਆਮ ਨਾਗਰਿਕਾਂ ਦੀਆਂ ਹੱਤਿਆਵਾਂ ਨਾਲ ਗ਼ਲਤ ਸੁਨੇਹਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਪਰਵਾਸੀ ਕਾਮੇ ਤੇ ਗੈਰ-ਕਸ਼ਮੀਰੀ ਖ਼ੌਫ ਦੇ ਚਲਦਿਆਂ ਕਸ਼ਮੀਰ ਛੱਡ ਕੇ ਜਾਣ ਲੱਗੇ ਹਨ। ਐੱਨਆਈਏ ਟੀਮ ਇਨ੍ਹਾਂ ਹੱਤਿਆਵਾਂ ਦੇ ਮਾਮਲੇ ਵਿੱਚ ਜੰਮੂ ਤੇ ਕਸ਼ਮੀਰ ਪੁਲੀਸ ਦੀ ਮਦਦ ਕਰਨ ਦੇ ਨਾਲ ਅਸਲ ਸਾਜ਼ਿਸ਼ਘਾੜਿਆਂ ਦੀ ਪਛਾਣ ਕਰਨ ਲਈ ਯਤਨਸ਼ੀਲ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ, ‘‘ਜਾਂਚ ਏਜੰਸੀ ਵੱਲੋਂ ਕਸ਼ਮੀਰੀ ਪੰਡਤ ਫਾਰਮਾਸਿਊਟੀਕਲ ਡੀਲਰ ਮਾਖਨ ਲਾਲ ਬਿੰਦਰੂ, ਗੈਰ-ਕਸ਼ਮੀਰੀ ਫੜੀ ਵਾਲੇ ਵੀਰੇਂਦਰ ਪਾਸਵਾਨ ਤੇ ਹੋਰਨਾਂ ਕਾਮਿਆਂ ਦੀਆਂ ਹੱਤਿਆਵਾਂ ਦੀ ਜਾਂਚ ਕੀਤੀ ਜਾਵੇਗੀ। ਐੱਨਆਈਏ ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਲੰਘੇ ਦਿਨ ਸੁਰੱਖਿਆ ਭਾਈਵਾਲਾਂ ਨਾਲ ਵੀ ਇਸ ਮੁੱਦੇ ’ਤੇ ਚਰਚਾ ਕੀਤੀ ਸੀ। -ਆਈਏਐੱਨਐੱਸ
ਪਰਵਾਸੀਆਂ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ ਉਡੀਕ ਕਰਨ ਨੂੰ ਤਰਜੀਹ
ਸ੍ਰੀਨਗਰ: ਵਾਦੀ ਵਿੱਚ ਖ਼ੌਫ਼ ਦੇ ਪਰਛਾਵੇਂ ਹੇਠ ਜਿਊਣ ਨਾਲੋਂ ਪਰਵਾਸੀ ਕਾਮਿਆਂ ਨੂੰ ਕੜਾਕੇ ਦੀ ਠੰਢ ਵਿੱਚ ਨੌਗਾਮ ਰੇਲਵੇ ਸਟੇਸ਼ਨ ਦੇ ਬਾਹਰ ਗੱਡੀ ਦੀ ਉਡੀਕ ਕਰਨੀ ਕਿਤੇ ਸੌਖੀ ਲੱਗਦੀ ਹੈ। ਆਪਣੇ ਘਰਾਂ ਨੂੰ ਮੁੜਨ ਲਈ ਕਾਹਲੇ ਇਨ੍ਹਾਂ ਕਾਮਿਆਂ ਨੇ ਸਟੇਸ਼ਨ ਦੇ ਬਾਹਰ ਡੇਰੇ ਲਾਏ ਹੋਏ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਬਡਗਾਮ ਜ਼ਿਲ੍ਹੇ ਵਿਚਲੇ ਇੱਟਾਂ ਦੇ ਭੱਠਿਆਂ ’ਤੇ ਕੰਮ ਕਰਦੇ ਹਨ। -ਪੀਟੀਆਈ
ਵਿਸ਼ੇਸ਼ ਸੁਰੱਖਿਆ ਸਮੂਹ ਕਰੇਗਾ ਅਤਿਵਾਦ ਵਿਰੋਧੀ ਅਪਰੇਸ਼ਨਾਂ ਦੀ ਅਗਵਾਈ
ਨਵੀਂ ਦਿੱਲੀ: ਕਸ਼ਮੀਰ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਕੇਂਦਰੀ ਪੁਲੀਸ ਏਜੰਸੀਆਂ ਦਾ ਵਿਸ਼ੇਸ਼ ਸੁਰੱਖਿਆ ਸਮੂਹ ਹੁਣ ਭਾਰਤੀ ਫੌਜ ਤੇ ਸੂਬਾਈ ਪੁਲੀਸ ਨਾਲ ਮਿਲ ਕੇ ਅਤਿਵਾਦ ਵਿਰੋਧੀ ਅਪਰੇਸ਼ਨਾਂ ਦੀ ਅਗਵਾਈ ਕਰੇਗਾ। ਇਸ ਸਮੂਹ ਵਿੱਚ ਇੰਟੈਲੀਜੈਂਸ ਏਜੰਸੀ, ਕੌਮੀ ਜਾਂਚ ਏਜੰਸੀ (ਐੱਨਆਈਏ) ਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਣਗੇ। -ਆਈਏਐੱਨਐੱਸ
ਜੰਮੂ ਕਸ਼ਮੀਰ ਬਾਰੇ ਅਮਿਤ ਸ਼ਾਹ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਜੰਮੂ ਤੇ ਕਸ਼ਮੀਰ ਦੇ ਸੁਰੱਖਿਆ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ। ਸ਼ਾਹ ਨੇ ਸ੍ਰੀ ਮੋਦੀ ਨੂੰ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੁਰੱਖਿਆ ਹਾਲਾਤ ਵਿੱਚ ਸੁਧਾਰ ਲਈ ਹੁਣ ਤੱਕ ਕੀਤੀ ਪੇਸ਼ਕਦਮੀ ਬਾਰੇ ਤਫ਼ਸੀਲ ’ਚ ਦੱਸਿਆ।
ਸ਼ਾਹ ਅੱਜ ਸਵੇਰੇ ਹੀ ਪ੍ਰਧਾਨ ਮੰਤਰੀ ਮੋਦੀ ਦੀ 7, ਲੋਕ ਕਲਿਆਣ ਮਾਰਗ ਸਥਿਤ ਅਧਿਕਾਰਤ ਰਿਹਾਇਸ਼ ’ਤੇ ਪੁੱਜ ਗਏ ਸਨ। ਦੋਵਾਂ ਆਗੂਆਂ ਨੇ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ ਕਰਕੇ ਬਣੇ ਖ਼ੌਫ਼ ਦੇ ਮਾਹੌਲ ਬਾਰੇ ਚਰਚਾ ਕੀਤੀ। ਗ੍ਰਹਿ ਮੰਤਰੀ ਨੇ ਪੀਐੱਮ ਨੂੰ ਪਰਵਾਸੀ ਕਾਮਿਆਂ ਦੇ ਵਾਦੀ ਵਿੱਚੋਂ ਹਿਜਰਤ ਕਰਨ ਬਾਰੇ ਵੀ ਦੱਸਿਆ। ਇਸ ਮੌਕੇ ਦੋਵਾਂ ਆਗੂਆਂ ਦਰਮਿਆਨ ਅੰਦਰੂਨੀ ਸੁਰੱਖਿਆ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਲੰਘੇ ਦਿਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਆਈਬੀ ਮੁਖੀ, ਡੀਜੀਪੀ’ਜ਼ ਸਮੇਤ ਕੁਝ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਲੰਮੀ ਮੀਟਿੰਗ ਕਰਕੇ ਅੰਦਰੂਨੀ ਸੁਰੱਖਿਆ ਹਾਲਾਤ ’ਤੇ ਤਫ਼ਸੀਲ ’ਚ ਚਰਚਾ ਕੀਤੀ ਸੀ। ਪਿਛਲੇ 16 ਦਿਨਾਂ ਦੌਰਾਨ ਕਸ਼ਮੀਰ ਵਿਚ ਦਹਿਸ਼ਤਗਰਦਾਂ ਵੱਲੋਂ ਗੈਰ-ਕਸ਼ਮੀਰ ਪਰਵਾਸੀ ਕਾਮਿਆਂ ਤੇ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧਤ 11 ਜਣਿਆਂ ਨੂੰ ਮਿਥ ਕੇ ਨਿਸ਼ਾਨਾ ਬੋਣਾਇਆ ਗਿਆ ਹੈ, ਜਿਸ ਮਗਰੋਂ ਪਰਵਾਸੀ ਕਾਮੇ ਤੇ ਘੱਟਗਿਣਤੀਆਂ ਵਾਦੀ ਵਿੱਚੋਂ ਹਿਜਰਤ ਕਰਨ ਲੱਗੀਆਂ ਹਨ। -ਆਈਏਐੱਨਐੱਸ
ਸ਼ਾਹ ਅਗਲੇ ਦਿਨਾਂ ’ਚ ਜੰਮੂ ਤੇ ਕਸ਼ਮੀਰ ਜਾਣਗੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 23 ਅਕਤੂਬਰ ਨੂੰ ਤਿੰਨ ਰੋਜ਼ਾ ਫੇਰੀ ਲਈ ਜੰਮੂ ਤੇ ਕਸ਼ਮੀਰ ਜਾਣਗੇ। ਇਸ ਦੌਰਾਨ ਉਥੇ ਉਹ ਕਸ਼ਮੀਰ ਦੇ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਅਹਿਮ ਉੱਚ ਪੱਧਰੀ ਮੀਟਿੰਗਾਂ ਵੀ ਕਰਨਗੇ। ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਇਹ ਪਲੇਠੀ ਫੇਰੀ ਹੋਵੇਗੀ।