ਨਵੀਂ ਦਿੱਲੀ, 1 ਅਕਤੂਬਰ
ਭਾਰਤੀ ਫ਼ੌਜ ਦੇ ਮੁਖੀ ਜਨਰਲ ਐੱਮ.ਐੱਮ ਨਰਵਾਣੇ ਨੇ ਅੱਜ ਪੂਰਬੀ ਲੱਦਾਖ ਵਿਚ ਕਈ ਮੂਹਰਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਚੀਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਦੀਆਂ ਰਣਨੀਤਿਕ ਤਿਆਰੀਆਂ ਦੀ ਵੱਡੀ ਪੱਧਰ ’ਤੇ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਜਨਰਲ ਨਰਵਾਣੇ ਨੂੰ 14ਵੀਂ ਕੋਰ ਦੇ ਹੈੱਡਕੁਆਰਟਰ ਵਿਚ ਖੇਤਰ ਦੇ ਸਮੁੱਚੇ ਹਾਲਾਤ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਗਈ, ਜਿਸ ਨੂੰ ‘ਫਾਇਰ ਐਂਡ ਫਿਊਰੀ ਕੋਰ’ ਵਜੋਂ ਜਾਣਿਆ ਜਾਂਦਾ ਹੈ। ਇਸ ਕੋਰ ਕੋਲ ਲੱਦਾਖ ਵਿਚ ਚੀਨ ਦੇ ਨਾਲ ਲੱਗੀ ਅਸਲ ਕੰਟਰੋਲ ਰੇਖਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਖੇਤਰ ਦੇ ਆਪਣੇ ਦੋ ਰੋਜ਼ਾ ਦੌਰੇ ਦੇ ਪਹਿਲੇ ਦਿਨ ਜਨਰਲ ਨਰਵਾਣੇ ਨੇ ਰਣਨੀਤਕ ਤੌਰ ਤੋਂ ਸੰਵੇਦਨਸ਼ੀਲ ਰੈਜ਼ਾਂਗ ਲਾ ਖੇਤਰ ਦਾ ਦੌਰਾ ਕੀਤਾ ਅਤੇ ਦੇਸ਼ ਦੀ ਸੁਰੱਖਿਆ ਲਈ ਬਲੀਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉੱਥੇ ਇਕ ਜੰਗੀ ਯਾਦਗਾਰ ਦਾ ਦੌਰਾ ਕੀਤਾ। ਜਨਰਲ ਨਰਵਾਣੇ ਨੇ ਲੱਦਾਖ ਦੇ ਉਪ-ਰਾਜਪਾਲ ਰਾਧਾ ਕ੍ਰਿਸ਼ਨ ਮਾਥੁਰ ਨਾਲ ਵੀ ਮੁਲਾਕਾਤ ਕੀਤੀ ਅਤੇ ਕੇਂਦਰ ਸ਼ਾਸਿਤ ਪਦੇਸ਼ ਵਿਚ ਮੌਜੂਦਾ ਸੁਰੱਖਿਆ ਹਾਲਾਤ ਬਾਰੇ ਚਰਚਾ ਕੀਤੀ। -ਪੀਟੀਆਈ