ਜੰਮੂ, 12 ਮਈ
ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਕੰਟਰੋਲ ਰੇਖਾ ਨਾਲ ਲੱਗਦੇ ਜੰਮੂ ਡਿਵੀਜ਼ਨ ਦੇ ਮੂਹਰਲੇ ਇਲਾਕਿਆਂ ਅਤੇ ਅੰਦਰੂਨੀ ਖੇਤਰਾਂ ’ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਇੱਕ ਰੱਖਿਆ ਤਰਜਮਾਨ ਨੇ ਬੁੱਧਵਾਰ ਨੂੰ ਦੱਸਿਆ ਕਿ ਜਨਰਲ ਨਰਵਾਣੇ ਮੰਗਲਵਾਰ ਨੂੰ ਨਗਰੋਟਾ ਅਧਾਰਿਤ 16 ਕੋਰ (ਵ੍ਹਾਈਟ ਨਾਈਟ ਕੋਰ) ਦੇ ਹੈੱਡਕੁਆਰਟਰਾਂ ’ਚ ਪਹੁੰਚੇ ਅਤੇ ਮੂਹਰਲੇ ਇਲਾਕਿਆਂ, ਜਿਨ੍ਹਾਂ ਵਿੱਚ ਜੰਮੂ ਖੇਤਰ ਦੇ ਅਖਨੂਰ, ਰਾਜੌਰੀ ਅਤੇ ਨੌਸ਼ਹਿਰਾ ਆਦਿ ਸ਼ਾਮਲ ਹਨ, ਦਾ ਦੌਰਾ ਕੀਤਾ। ਤਰਜਮਾਨ ਮੁਤਾਬਕ ਹੈੱਡਕੁਆਰਟਰਾਂ ’ਤੇ ਪਹੁੰਚਣ ਸਮੇਂ ਜਨਰਲ ਨਰਵਾਣੇ ਦੇ ਨਾਲ ਉੱਤਰੀ ਕਮਾਂਡ ਦੇ ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਮੌਜੂਦ ਸਨ। ਉਨ੍ਹਾਂ ਨੇ ਵ੍ਹਾਈਟ ਨਾਈਟ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਸੁਚੇਂਦਰ ਕੁਮਾਰ ਤੋਂ ਸੁਰੱਖਿਆ ਸਥਿਤੀ, ਅਪਰੇਸ਼ਨਲ ਤਿਆਰੀਆਂ, ਕਰੋਨਾ ਪ੍ਰਬੰਧਨ ਅਤੇ ਖੇਤਰ ’ਚ ਬਜ਼ੁਰਗਾਂ ਅਤੇ ਲੋਕਾਂ ਨੂੰ ਮੁਹੱਈਆ ਕਰਵਾਈ ਮਦਦ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਚੀਫ਼ ਆਫ ਆਰਮੀ ਸਟਾਫ ਜਨਰਲ ਨਰਵਾਣੇ ਨੇ ਉੱਤਰੀ ਫ਼ੌਜ ਦੇ ਕਮਾਂਡਰ ਅਤੇ ਵ੍ਹਾਈਟ ਨਾਈਟ ਕੋਰ ਦੇ ਜੀਓਸੀ ਨਾਲ ਮੂਹਰਲੇ ਖੇਤਰਾਂ ਅਖਨੂਰ, ਰਾਜੌਰੀ ਅਤੇ ਨੌਸ਼ਹਿਰਾ ਆਦਿ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਕੰਟਰੋਲ ਰੇਖਾ ’ਤੇ ਸ਼ਾਂਤੀ ਬਣਾਈ ਰੱਖਣ ਲਈ ਵ੍ਹਾਈਟ ਨਾਈਟ ਕੋਰ ਦੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਦੌਰਾਨ ਸਰਹੱਦੀ ਇਲਾਕਿਆਂ ’ਚ ਲੋਕਾਂ ਦੀ ਮਦਦ ਲਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਤਿੰਨੋਂ ਅਧਿਕਾਰੀ ਜੰਮੂ ਦੇ ਮਿਲਟਰੀ ਹਸਪਤਾਲ ਗਏ ਅਤੇ ਫ਼ੌਜ ਮੁਖੀ ਨੇ ਕਰੋਨਾ ਖ਼ਿਲਾਫ਼ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਾਕਟਰਾਂ ਅਤੇ ਸਿਹਤ ਵਰਕਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। -ਏਜੰਸੀ