ਆਬੂਧਾਬੀ, 11 ਦਸੰਬਰ
ਖਾੜੀ ਦੇਸ਼ਾਂ ਦੇ ਦੌਰਾਨ ਚੀਫ਼ ਆਫ ਆਰਮੀ ਸਟਾਫ਼ ਜਨਰਲ ਐੱਮ.ਐੱਮ. ਨਰਵਾਣੇ ਨੇ ਯੂਏਈ ਦੀਆਂ ਥਲ ਸੈਨਾਵਾਂ ਦੇ ਕਮਾਂਡਰ ਮੇਜਰ ਜਨਰਲ ਸ਼ੇਖ ਮੁਹੰਮਦ ਸਾਲੇਹ ਅਲ ਅਮੇਰੀ ਨਾਲ ਦੁਵੱਲੇ ਰੱਖਿਆ ਸਹਿਯੋਗ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਇਹ ਜਾਣਕਾਰੀ ਫ਼ੌਜ ਵੱਲੋਂ ਅੱਜ ਇੱਕ ਬਿਆਨ ’ਚ ਦਿੱਤੀ ਗਈ। ਜਨਰਲ ਨਰਵਾਣੇ ਨੇ 9 ਤੇ 10 ਦਸੰਬਰ ਨੂੰ ਖਾੜੀ ਦੇ ਇਸ ਮੁੱਖ ਦੇਸ਼ ਯੂਨਾਈਟਿਡ ਅਰਬ ਅਮੀਰਾਤ (ਯੂਏਈ) ਦਾ ਕੀਤਾ। ਉਥੋਂ ਫ਼ੌਜ ਮੁਖੀ 13 ਅਤੇ 14 ਦਸੰਬਰ ਨੂੰ ਸਾਊਦੀ ਅਰਬ ਦੇ ਦੌਰੇ ’ਤੇ ਜਾਣਗੇ। ਰਣਨੀਤਕ ਤੌਰ ’ਤੇ ਅਹਿਮ ਦੋ ਖਾੜੀ ਦੇਸ਼ਾਂ ਦਾ ਕਿਸੇ ਵੀ ਭਾਰਤੀ ਫ਼ੌਜ ਮੁਖੀ ਵੱਲੋਂ ਇਹ ਪਹਿਲਾ ਦੌਰਾ ਹੈ। ਬਿਆਨ ਮੁਤਾਬਕ ਫ਼ੌਜ ਮੁਖੀ ਦੇ ਯੂਏਈ ਦੌਰੇ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਹੈ। -ਪੀਟੀਆਈ