ਨਵੀਂ ਦਿੱਲੀ, 8 ਦਸੰਬਰ
ਭਾਰਤੀ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਅੱਜ ਯੂਏਈ ਤੇ ਸਾਊਦੀ ਅਰਬ ਦੇ ਛੇ ਦਿਨਾ (9 ਤੋਂ 14 ਦਸੰਬਰ) ਦੌਰੇ ਉਤੇ ਰਵਾਨਾ ਹੋ ਗਏ ਹਨ। ਇਨ੍ਹਾਂ ਤਾਕਤਵਰ ਅਰਬ ਮੁਲਕਾਂ ਦਾ ਕਿਸੇ ਭਾਰਤੀ ਫ਼ੌਜ ਮੁਖੀ ਵੱਲੋਂ ਇਹ ਪਹਿਲਾ ਦੌਰਾ ਹੈ ਤੇ ਇਸ ਨੂੰ ਰਣਨੀਤਕ ਤੌਰ ’ਤੇ ਕਾਫ਼ੀ ਅਹਿਮ ਦੱਸਿਆ ਜਾ ਰਿਹਾ ਹੈ। ਇਹ ਦੌਰਾ ਉਸ ਸਮੇਂ ਕੀਤਾ ਜਾ ਰਿਹਾ ਹੈ ਜਦ ਅਰਬ ਖਿੱਤੇ ਦੇ ਇਜ਼ਰਾਈਲ ਨਾਲ ਸਬੰਧ ਸੁਖਾਵੇਂ ਹੋ ਰਹੇ ਹਨ। ਇਸ ਤੋਂ ਇਲਾਵਾ ਇਰਾਨ ਦੇ ਚੋਟੀ ਦੇ ਪ੍ਰਮਾਣੂ ਹਥਿਆਰ ਵਿਗਿਆਨੀ ਮੋਹਸਿਨ ਫਖ਼ਰੀਜ਼ਦੇਹ ਦੀ ਹੱਤਿਆ ਤੋਂ ਬਾਅਦ ਵੀ ਅਰਬ ਖਿੱਤੇ ਵਿਚ ਸਥਿਤੀ ਕਾਫ਼ੀ ਬਦਲੀ ਹੋਈ ਹੈ। ਨਰਵਾਣੇ ਪਹਿਲਾਂ ਯੂਏਈ ਜਾਣਗੇ ਜਿੱਥੇ ਉਹ ਸੀਨੀਅਰ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਦੁਵੱਲਾ ਰੱਖਿਆ ਤਾਲਮੇਲ ਵਧਾਉਣ ਬਾਰੇ ਗੱਲਬਾਤ ਹੋਵੇਗੀ। ਫ਼ੌਜ ਮੁਖੀ 13 ਤੋਂ 14 ਦਸੰਬਰ ਤੱਕ ਸਾਊਦੀ ਅਰਬ ਵਿਚ ਹੋਣਗੇ। ਫ਼ੌਜ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਨਰਵਾਣੇ ਸਾਊਦੀ ਅਰਬ ਤੇ ਭਾਰਤ ਵਿਚਕਾਰ ਰੱਖਿਆ ਤਾਲਮੇਲ ਨੂੰ ਹੋਰ ਬਿਹਤਰ ਕਰਨ ਲਈ ਚਰਚਾ ਕਰਨਗੇ। ਜਨਰਲ ਨਰਵਾਣੇ ਸ਼ਾਹੀ ਸਾਊਦੀ ਲੈਂਡ ਫੋਰਸ, ਸਾਂਝੀ ਫੋਰਸ ਕਮਾਂਡ ਤੇ ਕਿੰਗ ਅਬਦੁੱਲ ਅਜ਼ੀਜ਼ ਮਿਲਟਰੀ ਅਕਾਦਮੀ ਦਾ ਦੌਰਾ ਵੀ ਕਰਨਗੇ। ਫ਼ੌਜ ਮੁਖੀ ਸਾਊਦੀ ਅਰਬ ਦੀ ਕੌਮੀ ਰੱਖਿਆ ਯੂਨੀਵਰਸਿਟੀ ਵੀ ਜਾਣਗੇ ਤੇ ਵਿਦਿਆਰਥੀਆਂ-ਅਧਿਆਪਕਾਂ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਚੀਨ, ਅਮਰੀਕਾ ਤੇ ਜਪਾਨ ਤੋਂ ਬਾਅਦ ਸਾਊਦੀ ਅਰਬ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰ ਭਾਈਵਾਲ ਹੈ। ਭਾਰਤ ਆਪਣੀ ਜ਼ਰੂਰਤ ਦਾ 18 ਪ੍ਰਤੀਸ਼ਤ ਕੱਚਾ ਤੇਲ ਸਾਊਦੀ ਅਰਬ ਤੋਂ ਮੰਗਵਾਉਂਦਾ ਹੈ। ਇਸ ਤੋਂ ਇਲਾਵਾ ਗੈਸ ਤੇ ਊਰਜਾ ਖੇਤਰ ਵਿਚ ਵੀ ਕਾਫ਼ੀ ਲੈਣ-ਦੇਣ ਹੁੰਦਾ ਹੈ। -ਪੀਟੀਆਈ