ਨਵੀਂ ਦਿੱਲੀ, 29 ਜੁਲਾਈ
ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਆਪਣਾ ਭੂਟਾਨ ਦਾ ਦੋ ਦਿਨਾਂ ਦਾ ਦੌਰਾ ਆਰੰਭ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੀਨ ਡੋਕਲਾਮ ਪਠਾਰ ਖੇਤਰ ਵਿਚ ਭੂਟਾਨ ਦੇ ਇਲਾਕੇ ’ਚ ਢਾਂਚਾ ਉਸਾਰੀ ਕਰ ਰਿਹਾ ਹੈ। ਭਾਰਤੀ ਸੈਨਾ ਮੁਤਾਬਕ ਜਨਰਲ ਪਾਂਡੇ ਰਾਜਾ ਜਿਗਮੇ ਖੇਸਰ ਨਮਗਏਲ ਵਾਂਗਚੁਕ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਭੂਟਾਨੀ ਸੈਨਾ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤਾਂ ਕਰਨਗੇ। ਹਾਲ ਹੀ ਵਿਚ ਕੁਝ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ’ਚ ਚੀਨ ਵੱਲੋਂ ਡੋਕਲਾਮ ਪਠਾਰ ਦੇ ਪੂਰਬ ਵਿਚ ਭੂਟਾਨੀ ਖੇਤਰ ’ਚ ਪਿੰਡ ਉਸਾਰੇ ਜਾਣ ਬਾਰੇ ਖੁਲਾਸਾ ਹੋਇਆ ਸੀ। ਇਹ ਖੇਤਰ ਭਾਰਤ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਸਾਰੀਆਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਨ੍ਹਾਂ ਦੇ ਕੌਮੀ ਸੁਰੱਖਿਆ ’ਤੇ ਪੈਣ ਵਾਲੇ ਅਸਰਾਂ ਨੂੰ ਧਿਆਨ ਵਿਚ ਰੱਖ ਕੇ ਹਿੱਤਾਂ ਦੀ ਰਾਖੀ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਭੂਟਾਨ ਦੀ 400 ਕਿਲੋਮੀਟਰ ਲੰਮੀ ਸਰਹੱਦ ਚੀਨ ਨਾਲ ਲੱਗਦੀ ਹੈ। ਡੋਕਲਾਮ ਪਠਾਰ ਲਈ ਭਾਰਤ ’ਤੇ ਚੀਨ ਵਿਚਾਲੇ 2017 ਵਿਚ ਵੱਡਾ ਟਕਰਾਅ ਹੋ ਚੁੱਕਾ ਹੈ। ਭੂਟਾਨ ਇਸ ਇਲਾਕੇ ਉਤੇ ਆਪਣਾ ਹੱਕ ਜਤਾਉਂਦਾ ਹੈ ਤੇ ਭਾਰਤ ਇਸ ਦਾ ਸਮਰਥਨ ਵੀ ਕਰਦਾ ਹੈ। ਜਨਰਲ ਪਾਂਡੇ ਦੀ ਭੂਟਾਨੀ ਅਧਿਕਾਰੀਆਂ ਤੇ ਆਗੂਆਂ ਨਾਲ ਹੋਣ ਵਾਲੀ ਮੁਲਾਕਾਤ ’ਚ ਇਸ ਮੁੱਦੇ ਦੇ ਉੱਭਰਨ ਦੀ ਪੂਰੀ ਸੰਭਾਵਨਾ ਹੈ।
ਫ਼ੌਜ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ ਇਸ ਦੌਰੇ ਨਾਲ ਪਹਿਲਾਂ ਤੋਂ ਹੀ ਪਰਖ਼ੇ ਹੋਏ ਦੁਵੱਲੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਇਸ ਤੋਂ ਇਲਾਵਾ ਆਪਸੀ ਭਰੋਸਾ ਤੇ ਸਮਝ ਵੀ ਵਧੇਗੀ। -ਪੀਟੀਆਈ