ਬਾੜਮੇਰ, 9 ਸਤੰਬਰ
ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਬਾੜਮੇਰ ’ਚ ਕੌਮੀ ਮਾਰਗ 925 ’ਤੇ ਸੱਟਾ-ਗੰਧਵ ’ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਲਈ ਐਮਰਜੈਂਸੀ ਲੈਂਡਿੰਗ ਫੀਲਡ ਦਾ ਅੱਜ ਉਦਘਾਟਨ ਕੀਤਾ।
ਹਵਾਈ ਸੈਨਾ ਦੇ ਹਰਕੁਲਿਸ ਸੀ-130ਜੇ ਜਹਾਜ਼ ’ਤੇ ਦੋਵੇਂ ਮੰਤਰੀਆਂ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਸਵਾਰ ਸਨ। ਇਸ ਜਹਾਜ਼ ਨੇ ਕੌਮੀ ਮਾਰਗ ’ਤੇ ‘ਮੌਕ ਐਮਰਜੈਂਸੀ ਲੈਂਡਿੰਗ’ ਕੀਤੀ। ਕੌਮੀ ਮਾਰਗ-925 ’ਤੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਲਈ ਬਣਿਆ ਇਹ ਪਹਿਲਾ ‘ਐਮਰਜੈਂਸੀ ਲੈਂਡਿੰਗ ਫੀਲਡ’ ਹੈ ਅਤੇ ਇਹ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਐਨ ਨੇੜੇ ਹੈ। ਦੋਵੇਂ ਮੰਤਰੀਆਂ ਨੇ ਐੱਨਐੱਚ-925 ’ਤੇ ਤਿਆਰ ਹੰਗਾਮੀ ਲੈਂਡਿੰਗ ਸਹੂਲਤ ’ਤੇ ਕਈ ਜਹਾਜ਼ਾਂ ਦੀ ਲੈਂਡਿੰਗ ਨੂੰ ਵੀ ਦੇਖਿਆ। ਸੁਖੋਈ-30 ਐੱਮਕੇਆਈ ਲੜਾਕੂ ਜੈੱਟ, ਹਵਾਈ ਸੈਨਾ ਦੇ ਏਐੱਨ-32 ਮਿਲਟਰੀ ਟਰਾਂਸਪੋਰਟ ਜਹਾਜ਼ ਅਤੇ ਐੱਮਆਈ-17ਵੀ5 ਹੈਲੀਕਾਪਟਰ ਨੇ ਵੀ ਇਥੇ ਐਮਰਜੈਂਸੀ ਲੈਂਡਿੰਗ ਕੀਤੀ।
ਆਪਣੇ ਭਾਸ਼ਨ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ’ਚ ਬਾੜਮੇਰ ਵਰਗੀਆਂ 20 ਐਮਰਜੈਂਸੀ ਲੈਂਡਿੰਗ ਪੱਟੀਆਂ ਬਣਾਈਆਂ ਜਾ ਰਹੀਆਂ ਹਨ। ‘ਕੇਂਦਰੀ ਸੜਕ ਮੰਤਰਾਲੇ ਦੀ ਸਹਾਇਤਾ ਨਾਲ ਕਈ ਹੈਲੀਪੈਡ ਵੀ ਬਣਾਏ ਜਾ ਰਹੇ ਹਨ। ਇਹ ਸਾਡੇ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਵੱਲ ਅਹਿਮ ਕਦਮ ਹੈ।’
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਰੱਖਿਆ ’ਤੇ ਇੰਨਾ ਪੈਸਾ ਖ਼ਰਚਿਆ ਜਾਵੇਗਾ ਤਾਂ ਦੇਸ਼ ਦੇ ਵਿਕਾਸ ’ਤੇ ਅਸਰ ਪਵੇਗਾ ਪਰ ਅੱਜ ਕੌਮੀ ਮਾਰਗ ’ਤੇ ਐਮਰਜੈਂਸੀ ਲੈਂਡਿੰਗ ਪੱਟੀ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਰੱਖਿਆ ਅਤੇ ਵਿਕਾਸ ਨਾਲੋਂ ਨਾਲ ਹੋ ਸਕਦੇ ਹਨ। ਕੌਮੀ ਮਾਰਗ ਅਥਾਰਿਟੀ ਨੇ ਸੱਟਾ-ਗੰਧਵ ਮਾਰਗ ਦੇ ਤਿੰਨ ਕਿਲੋਮੀਟਰ ਹਿੱਸੇ ’ਤੇ ਹਵਾਈ ਸੈਨਾ ਲਈ ਐਮਰਜੈਂਸੀ ਲੈਂਡਿੰਗ ਸਹੂਲਤ ਦਾ ਨਿਰਮਾਣ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਪੱਟੀ ਬਣਾ ਕੇ ਸੁਨੇਹਾ ਦਿੱਤਾ ਹੈ ਕਿ ਮੁਲਕ ਦੀ ਏਕਤਾ, ਅਖੰਡਤਾ ਅਤੇ ਖੁਦਮੁਖਤਿਆਰੀ ਨੂੰ ਕਿਸੇ ਵੀ ਕੀਮਤ ’ਤੇ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਲੈਂਡਿੰਗ ਪੱਟੀ ਨਾ ਸਿਰਫ਼ ਜੰਗ ਸਗੋਂ ਕੁਦਰਤੀ ਆਫ਼ਤਾਂ ਵੇਲੇ ਵੀ ਸਹਾਈ ਹੋਵੇਗੀ। -ਪੀਟੀਆਈ
ਹਰ ਪਾਸੇ ਅਨਿਸ਼ਚਿਤਤਾ ਦਾ ਮਾਹੌਲ: ਰਾਜਨਾਥ
ਜੈਸਲਮੇਰ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਦੁਨੀਆ ਵਿਚ ਹਰ ਪਾਸੇ ਅਨਿਸ਼ਚਿਤਤਾ ਫੈਲੀ ਹੋਈ ਹੈ ਅਤੇ ਅਫ਼ਗਾਨਿਸਤਾਨ ਵਿਚ ਬਣੇ ਮੌਜੂਦਾ ਹਾਲਾਤ ਇਸੇ ਦਾ ਇਕ ਪ੍ਰਤੱਖ ਉਦਹਾਰਨ ਹਨ। ਉਹ ਇੱਥੇ ਧਰਤੀ ਤੋਂ ਹਵਾ ਵਿਚ ਮਾਰ ਕਰਨ ਵਾਲੀ ਮੱਧ ਦੂਰੀ ਵਾਲੀ ਮਿਜ਼ਾਈਲ ਐੱਮਆਰਐੱਸਏਐੱਮ ਨੂੰ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਕਰਨ ਸਬੰਧੀ ਇਕ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਸ੍ਰੀ ਸਿੰਘ ਨੇ ਕਿਹਾ, ‘‘ਭਾਵੇਂ ਉਹ ਦੱਖਣੀ ਚੀਨੀ ਸਮੁੰਦਰ ਹੋਵੇ, ਹਿੰਦ ਮਹਾਸਾਗਰ ਖੇਤਰ, ਹਿੰਦ-ਪ੍ਰਸ਼ਾਂਤ ਖੇਤਰ ਜਾਂ ਪੱਛਮੀ ਏਸ਼ੀਆ ਹੋਵੇ, ਅਸੀਂ ਹਰ ਜਗ੍ਹਾ ਅਨਿਸ਼ਚਿਤਤਾ ਦੇਖ ਸਕਦੇ ਹਾਂ। ਅਫ਼ਗਾਨਿਸਤਾਨ ਵਿਚ ਮੌਜੂਦਾ ਘਟਨਾਕ੍ਰਮ ਇਸੇ ਦਾ ਇਕ ਉਦਾਹਰਨ ਹੈ।’’ ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਸਾਡੀ ਰੱਖਿਆ ਦੀ ਤਾਕਤ ਅਤੇ ਸਾਡੀ ਆਤਮਨਿਰਭਰਤਾ ਇਕ ਉਪਲੱਬਧੀ ਨਹੀਂ ਬਲਕਿ ਇਕ ਜ਼ਰੂਰਤ ਹੈ।’’ -ਪੀਟੀਆਈ