ਨਵੀਂ ਦਿੱਲੀ, 1 ਨਵੰਬਰ
ਭਾਰਤੀ ਬਾਰ ਕੌਂਸਲ (ਬੀਸੀਆਈ) ਨੇ ਕਾਨੂੰਨ ਯੂਨੀਵਰਸਿਟੀਆਂ ਨੂੰ ਫਿਜ਼ੀਕਲ ਤੌਰ ’ਤੇ ਪ੍ਰੀਖਿਆਵਾਂ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬੀਸੀਆਈ ਨੇ ਕਰੋਨਾਵਾਇਰਸ ਮਹਾਮਾਰੀ ਦਾ ਸੰਕਟ ਟਲਣ ਤੱਕ ਪ੍ਰੀਖਿਆਵਾਂ ਨਾ ਦੇਣ ਜਾਂ ਪ੍ਰੀਖਿਆਵਾਂ ’ਚ ਸ਼ਾਮਲ ਨਾ ਹੋ ਸਕਣ ਵਾਲੇ ਵਿਦਿਆਰਥੀਆਂ ਦੇ ਇਮਤਿਹਾਨ ਫਿਜ਼ੀਕਲ ਤੌਰ ’ਤੇ ਯੂਨੀਵਰਸਿਟੀਆਂ ਦੇ ਖੁੱਲ੍ਹਣ ’ਤੇ ਲੈਣ ਦਾ ਬਦਲ ਵੀ ਦਿੱਤਾ ਹੈ। ਦੇਸ਼ ਵਿੱਚ ਕਾਨੂੰਨ ਦੀ ਪੜ੍ਹਾਈ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਬੀਸੀਆਈ ਨੇ ਇਕ ਪ੍ਰੈੱਸ ਰਿਲੀਜ਼ ਰਾਹੀਂ ਅੱਜ ਇਹ ਵੀ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਦੇਣ ਦੇ ਬਾਵਜੂਦ ਅਸਫ਼ਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਵੀਆਂ ਪ੍ਰੀਖਿਆਵਾਂ ’ਚ ਮੁੜ ਤੋਂ ਬੈਠਣ ਦਾ ਇਕ ਮੌਕਾ ਦਿੱਤਾ ਜਾਵੇਗਾ। ਬੀਸੀਆਈ ਨੇ ਕਿਹਾ ਕਿ ਇਹ ਪ੍ਰੀਖਿਆਵਾਂ ਰਾਜ ਸਰਕਾਰ ਤੇ ਰਾਜ ਆਫਤ ਪ੍ਰਬੰਧਨ ਅਥਾਰਟੀ ਦੇ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਨਾਲ ਹੀ ਹੋਣਗੀਆਂ। -ਪੀਟੀਆਈ