ਨਵੀਂ ਦਿੱਲੀ, 14 ਅਕਤੂਬਰ
ਸੁਪਰੀਮ ਕੋਰਟ ਨੇ ਅੱਜ ‘ਆਪ’ ਆਗੂ ਸਤੇਂਦਰ ਜੈਨ ਨੂੰ ‘ਮਾਨਸਿਕ ਤੌਰ ’ਤੇ ਠੀਕ ਨਹੀਂ’ ਐਲਾਨਣ ਸਬੰਧੀ ਅਰਜ਼ੀ ਰੱਦ ਕਰਦਿਆਂ ਪਟੀਸ਼ਨਰ ਨੂੰ 20 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਵੱਲੋਂ ‘ਆਪ’ ਆਗੂ ਸਤੇਂਦਰ ਜੈਨ ਨੂੰ ‘ਮਾਨਸਿਕ ਤੌਰ ’ਤੇ ਠੀਕ ਨਹੀਂ’ ਵਿਅਕਤੀ ਐਲਾਨੇ ਜਾਣ ਦੀ ਮੰਗ ਕਰਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਅਤੇ ਪਟੀਸ਼ਨਰ ਵੱਲੋਂ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨਰ ਵੱਲੋਂ ਜੈਨ ਨੂੰ ‘ਮਾਨਸਿਕ ਤੌਰ ’ਤੇ ਠੀਕ ਨਹੀਂ’ ਐਲਾਨ ਕੇ ਉਸ ਨੂੰ ਵਿਧਾਇਕ ਤੇ ਮੰਤਰੀ ਦੇ ਅਹੁਦੇ ਤੋਂ ਅਯੋਗ ਕਰਾਰ ਦੇਣ ਦੀ ਮੰਗ ਵੀ ਕੀਤੀ ਗਈ ਸੀ। ਜਸਟਿਸ ਐੱਸ.ਕੇ. ਕੌਲ ਅਤੇ ਜਸਟਿਸ ਏ.ਐੱਸ. ਓਕਾ ਦੇ ਇਕ ਬੈਂਚ ਨੇ ਕਿਹਾ, ‘‘ਪਟੀਸ਼ਨ ਕਾਫੀ ਗਲਤ ਧਾਰਨਾ ਵਾਲੀ ਹੈ ਅਤੇ ਨਿਆਂ ਪ੍ਰਣਾਲੀ ਦੇ ਸਮੇਂ ਦੀ ਬਰਬਾਦੀ ਹੈ, ਇਸ ਵਾਸਤੇ ਪਟੀਸ਼ਨਰ ’ਤੇ 20,000 ਰੁਪਏ ਜੁਰਮਾਨਾ ਲਗਾਉਣਾ ਜ਼ਰੂਰੀ ਹੈ।’’ -ਪੀਟੀਆਈ