ਮੁੰਬਈ, 14 ਮਾਰਚ
ਸਨਅਤਕਾਰ ਮੁਕੇਸ਼ ਅੰਬਾਨੀ ਦੀ ਐਂਟੀਲੀਆ ਸਥਿਤ ਰਿਹਾਇਸ਼ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਮਿਲਣ ਦੇ ਮਾਮਲੇ ਦੀ ਜਾਂਚ ਦੌਰਾਨ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੰਬਈ ਪੁਲੀਸ ਦੇ ਅਫ਼ਤਰ ਸਚਿਨ ਵਜ਼ੇ ਨੂੰ 25 ਮਾਰਚ ਤੱਕ ਐੱਨਆਈਏ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਐੱਨਆਈਏ ਨੇ ਸਚਿਨ ਵਜ਼ੇ ਨੂੰ ਲੰਘੀ ਰਾਤ ਗ੍ਰਿਫ਼ਤਾਰ ਕੀਤਾ ਸੀ ਅਤੇ ਸਥਾਨਕ ਹਸਪਤਾਲ ’ਚ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਅੱਜ ਦੱਖਣੀ ਮੁੰਬਈ ਦੀ ਇੱਕ ਅਦਾਲਤ ’ਚ ਪੇਸ਼ ਕੀਤਾ।
ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਸਚਿਨ ਵਜ਼ੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਜੰਸੀ ਨੇ ਕਿਹਾ ਕਿ ਉਸ ਤੋਂ ਇਸ ਮਾਮਲੇ ’ਚ ਹੋਰ ਪੁੱਛ ਪੜਤਾਲ ਕਰਨ ਲਈ ਰਿਮਾਂਡ ’ਤੇ ਲਿਆ ਗਿਆ ਹੈ। ਏਜੰਸੀ ਨੇ ਸਚਿਨ ਨੂੰ ਬੀਤੇ ਦਿਨ 11.30 ਵਜੇ ਦੇ ਕਰੀਬ ਏਜੰਸੀ ਦੇ ਦਫ਼ਤਰ ’ਚ ਪੇਸ਼ ਹੋਣ ਲਈ ਸੰਮਨ ਕੀਤੇ ਸਨ ਅਤੇ ਤਕਰੀਬਨ 12 ਘੰਟੇ ਪੁੱਛ ਪੜਤਾਲ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਦੌਰਾਨ ਐੱਨਆਈਏ ਨੇ ਅੱਜ ਇੱਕ ਸਫੈਦ ਰੰਗ ਦੀ ਇਨੋਵਾ ਕਾਰ ਜ਼ਬਤ ਕੀਤੀ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਉਹੀ ਇਨੋਵਾ ਕਾਰ ਹੈ ਜੋ ਧਮਾਕਾਖੇਜ਼ ਸਮੱਗਰੀ ਨਾਲ ਭਰੀ ਸਕਾਰਪੀਓ ਦਾ ਪਿੱਛਾ ਕਰ ਰਹੀ ਸੀ। ਪੁਲੀਸ ਨੇ ਦੱਸਿਆ ਕਿ ਇਨੋਵਾ ’ਤੇ ਤਾੜਦੇਵ ਆਰਟੀਓ ਦਾ ਰਜਿਸਟਰੇਸ਼ਨ ਨੰਬਰ ‘ਐੱਮਐੱਚ 01 ਜ਼ੈੱਡ ਏ 403’ ਹੈ ਅਤੇ ਗੱਡੀ ਦੇ ਪਿੱਛੇ ਪੁਲੀਸ ਲਿਖਿਆ ਹੈ। -ਪੀਟੀਆਈ
ਐੱਨਆਈਏ ਵੱਲੋਂ ਜਾਂਚ ਸਾਂਭਣ ਮਗਰੋਂ ਮੁੰਬਈ ਪੁਲੀਸ ਦਾ ਹੌਸਲਾ ਢਹੇਗਾ: ਰਾਊਤ
ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਦੋਸ਼ ਲਾਇਆ ਕਿ ਐਂਟੀਲੀਆ ਕੇਸ ਦੀ ਜਾਂਚ ਐੱਨਆਈਏ ਵੱਲੋਂ ਸੰਭਾਲੇ ਜਾਣ ਨਾਲ ਮੁੰਬਈ ਪੁਲੀਸ ਦਾ ਹੌਸਲਾ ਘੱਟ ਹੋਵੇਗਾ ਅਤੇ ਮਹਾਰਾਸ਼ਟਰ ’ਚ ਅਸਥਿਰਤਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਐੱਨਆਈਏ ਵੱਲੋਂ ਲੰਘੀ ਦੇਰ ਰਾਤ ਗ੍ਰਿਫ਼ਤਾਰ ਮੁੰਬਈ ਪੁਲੀਸ ਦੇ ਅਧਿਕਾਰੀ ਸਚਿਨ ਵਜ਼ੇ ਇਮਾਨਦਾਰ, ਕਾਮਯਾਬ ਅਧਿਕਾਰੀ ਅਤੇ ਇੱਕ ਚੰਗੇ ਜਾਂਚਕਰਤਾ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸੂਬਾ ਸਰਕਾਰ ਦਾ ਵੱਕਾਰ ਦਾਅ ’ਤੇ ਹੈ।
ਵਜ਼ੇ ਨੂੰ ਬਚਾਅ ਰਹੀ ਹੈ ਸ਼ਿਵ ਸੈਨਾ: ਭਾਜਪਾ
ਮਹਾਰਾਸ਼ਟਰ ਦੇ ਸੀਨੀਅਰ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਸਚਿਨ ਵਜ਼ੇ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਕਿ ਇਹ ਤਾਂ ਅਜੇ ਇਸ ਕੇਸ ’ਚ ਸੂਚਨਾਵਾਂ ਮਿਲਣੀਆਂ ਸ਼ੁਰੂ ਹੋਣ ਦੀ ਸ਼ੁਰੂਆਤ ਹੈ। ਉਨ੍ਹਾਂ ਊਧਵ ਠਾਕਰੇ ਦੀ ਅਗਵਾਈ ਹੇਠਲੀ ਮਹਾ ਅਗਾੜੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਇਸ ਕੇਸ ’ਚ ਵਜ਼ੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਮਹਾਰਾਸ਼ਟਰ ਭਾਜਪਾ ਦੇ ਮੁਖੀ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਜਿਸ ਪੁਲੀਸ ਅਫਸਰ ਨੂੰ ਬੀਤੇ ਦਿਨ ਤੱਕ ਸੂਬੇ ਦੇ ਮੁੱਖ ਮੰਤਰੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਨੂੰ ਐੱਨਆਈਏ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਵ ਸੈਨਾ ਅਜਿਹੇ ਵਿਅਕਤੀ ਦੀ ਹਮਾਇਤ ਕਰ ਰਹੀ ਸੀ ਜੋ ਕਿ ਸਨਅਤਕਾਰਾਂ ਨੂੰ ਨੁਕਸਾਨ ਪਹੁੰਚਾਉਣ ਤੇ ਅਮਨ ਦੀ ਸਥਿਤੀ ਵਿਗਾੜਨ ਲਈ ਲੋੜੀਂਦਾ ਸੀ।