ਮੁੰਬਈ, 15 ਮਾਰਚ
ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨੇੜਿਉਂ ਧਮਾਕਾਖੇਜ਼ ਸਮੱਗਰੀ ਨਾਲ ਭਰੀ ਸਕੌਰਪੀਓ ਮਿਲਣ ਦੇ ਮਾਮਲੇ ’ਚ ਐੱਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਸਿਸਟੈਂਟ ਪੁਲੀਸ ਇੰਸਪੈਕਟਰ ਸਚਿਨ ਵਜ਼ੇ ਨੂੰ ਅੱਜ ਮੁੰਬਈ ਪੁਲੀਸ ਨੇ ਮੁਅੱਤਲ ਕਰ ਦਿੱਤਾ ਹੈ। ਡੀਸੀਪੀ ਐੱਸ ਚੈਤੰਨਿਆ ਨੇ ਦੱਸਿਆ ਕਿ ਵਿਸ਼ੇਸ਼ ਸ਼ਾਖਾ ਦੇ ਵਧੀਕ ਕਮਿਸ਼ਨਰ ਦੇ ਹੁਕਮਾਂ ’ਤੇ ਵਜ਼ੇ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਦੌਰਾਨ ਵਜ਼ੇ ਦੇ ਪਰਿਵਾਰ ਨੇ ਬੰਬਈ ਹਾਈ ਕੋਰਟ ’ਚ ਹੈਬੀਅਸ ਕੋਰਪਸ ਪਟੀਸ਼ਨ ਦਾਖ਼ਲ ਕਰਕੇ ਐੱਨਆਈਏ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਭਰਾ ਸੁਧਾਰਾਮ ਵੱਲੋਂ ਦਾਖ਼ਲ ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਵਜ਼ੇ ਨੂੰ ਕੁਝ ਸਿਆਸੀ ਤਾਕਤਾਂ ਵੱਲੋਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਅਰਜ਼ੀ ’ਚ ਮੰਗ ਕੀਤੀ ਗਈ ਹੈ ਕਿ ਵਜ਼ੇ ਨੂੰ ਹਾਈ ਕੋਰਟ ’ਚ ਪੇਸ਼ ਕਰਨ ਲਈ ਐੱਨਆਈਏ ਨੂੰ ਹਦਾਇਤ ਕੀਤੀ ਜਾਵੇ ਅਤੇ ਗ੍ਰਿਫ਼ਤਾਰੀ ਦੌਰਾਨ ਸਾਰੇ ਨੇਮਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਕਿ ਨਾ ਤਾਂ ਵਜ਼ੇ ਨੂੰ ਐੱਫਆਈਆਰ ਦੀ ਕਾਪੀ ਦਿੱਤੀ ਗਈ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਗ੍ਰਿਫ਼ਤਾਰੀ ਬਾਰੇ ਦੱਸਿਆ ਗਿਆ। ਜ਼ਿਕਰਯੋਗ ਹੈ ਕਿ ਮੁੰਬਈ ਦੀ ਅਦਾਲਤ ਨੇ ਐਤਵਾਰ ਨੂੰ ਵਜ਼ੇ ਨੂੰ 25 ਮਾਰਚ ਤੱਕ ਐੱਨਆਈਏ ਦੀ ਹਿਰਾਸਤ ’ਚ ਭੇਜ ਦਿੱਤਾ ਸੀ। -ਪੀਟੀਆਈ
ਸ਼ਰਦ ਪਵਾਰ ਵੱਲੋਂ ਮੁੱਖ ਮੰਤਰੀ ਠਾਕਰੇ ਨਾਲ ਮੁਲਾਕਾਤ
ਮੁੰਬਈ: ਐਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਵਿਚ ਮੁਲਾਕਾਤ ਕੀਤੀ। ਐਨਸੀਪੀ ਦੇ ਸੂਤਰਾਂ ਮੁਤਾਬਕ ਇਹ ਰੁਟੀਨ ਮੀਟਿੰਗ ਸੀ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਧਮਾਕਾਖੇਜ਼ ਸਮੱਗਰੀ ਮਿਲਣ ਤੇ ਮੁੰਬਈ ਪੁਲੀਸ ਦੇ ਅਧਿਕਾਰੀ ਦੀ ਗ੍ਰਿਫ਼ਤਾਰੀ ਦਾ ਮੁੱਦਾ ਭਖਿਆ ਹੋਇਆ ਹੈ। ਐਨਆਈਏ ਨੇ ਪੁਲੀਸ ਇੰਸਪੈਕਟਰ ਵਾਜ਼ੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਮਗਰੋਂ ਮੁੰਬਈ ਪੁਲੀਸ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਐਨਸੀਪੀ ਸੂਤਰਾਂ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਗੱਠਜੋੜ ਸਰਕਾਰ ਬਣਨ ਤੋਂ ਬਾਅਦ ਪਵਾਰ ਸਮੇਂ-ਸਮੇਂ ਊਧਵ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਵਿਡ-19 ਦਾ ਵਧਦਾ ਫੈਲਾਅ ਤੇ ਨਗਰ ਨਿਗਮ ਦੀਆਂ ਚੋਣਾਂ ਜਿਹੇ ਕਈ ਮੁੱਦੇ ਹਨ, ਜਿਨ੍ਹਾਂ ਉਤੇ ਚਰਚਾ ਚੱਲ ਰਹੀ ਹੈ। -ਪੀਟੀਆਈ