ਮੁੰਬਈ, 2 ਅਪਰੈਲ
ਇੱਥੇ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਇਕ ਐੱਸਯੂਵੀ ਮਿਲਣ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਇਕ ਗੈਂਗਸਟਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਐੱਸਯੂਵੀ ਵਿੱਚ ਧਮਾਕਾਖੇਜ਼ ਸਮੱਗਰੀ ਮਿਲੀ ਸੀ ਅਤੇ ਜੈਸ਼-ਉਲ-ਹਿੰਦ ਨਾਂ ਦੀ ਇਕ ਜਥੇਬੰਦੀ ਨੇ ਟੈਲੀਗ੍ਰਾਮ ਐਪ ਰਾਹੀਂ ਇਕ ਸੁਨੇਹਾ ਭੇਜ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਸੀ। ਇਹ ਜਾਣਕਾਰੀ ਇਕ ਪੁਲੀਸ ਅਧਿਕਾਰੀ ਨੇ ਦਿੱਤੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਮੁੰਬਈ ਦੇ ਅੰਡਰਵਰਲਡ ਨਾਲ ਸਬੰਧ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਉਸ ਦਾ ਦਿੱਲੀ ਦੇ ਇਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪਹਿਲਾਂ ਜਾਂਚ ਦਾ ਹਿੱਸਾ ਰਹਿ ਚੁੱਕੇ ਇਕ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਇਕ ਨਿੱਜੀ ਸਾਈਬਰ ਏਜੰਸੀ ਦੀ ਮਦਦ ਨਾਲ ਕੀਤੀ ਗਈ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਟੈਲੀਗ੍ਰਾਮ ’ਤੇ ਖਾਤਾ ਤਿਹਾੜ ਜੇਲ੍ਹ ਅੰਦਰ ਬਣਾਇਆ ਗਿਆ ਸੀ।’’ ਧਮਾਕਾਖੇਜ਼ ਸਮੱਗਰੀ ਲੱਦਿਆ ਵਾਹਨ ਮਿਲਣ ਦੇ ਮਾਮਲੇ ਦੀ ਜਾਂਚ ਇਸ ਵੇਲੇ ਕੌਮੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਇਕ ਟੀਮ ਵੱਲੋਂ ਤਿਹਾੜ ਜੇਲ੍ਹ ਅੰਦਰ ਇੰਡੀਅਨ ਮੁਜਾਹਿਦੀਨ ਦੇ ਅਤਿਵਾਦੀ ਤਹਿਸੀਨ ਅਖ਼ਤਰ ਕੋਲੋਂ ਪੁੱਛਗਿਛ ਕੀਤੀ ਗਈ ਸੀ। ਇਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਤਿਹਾੜ ਜੇਲ੍ਹ ਵਿਚ ਬੰਦ ਇਕ ਗੈਂਗਸਟਰ, ਜੋ ਮੁੰਬਈ ਦੇ ਅੰਡਰਵਰਲਡ ਨਾਲ ਸਬੰਧਾਂ ਕਰ ਕੇ ਜਾਣਿਆ ਜਾਂਦਾ ਹੈ, ਮਹਾਰਾਸ਼ਟਰ ਦੀ ਰਾਜਧਾਨੀ ਵਿੱਚ ਕੁਝ ਲੋਕਾਂ ਦੇ ਸੰਪਰਕ ਵਿੱਚ ਸੀ।’’
ਅਧਿਕਾਰੀ ਨੇ ਕਿਹਾ, ‘‘ਦੋਸ਼ੀ ਉਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿੱਚ ਦਾਖ਼ਲ ਸੀ। ਉਸ ਨਾਲ ਮੁੰਬਈ ਵਿੱਚ ਰਹਿੰਦੇ ਕੁਝ ਲੋਕਾਂ ਵੱਲੋਂ ਸੰਪਰਕ ਕੀਤਾ ਗਿਆ। ਇਸ ’ਤੇ ਉਸ ਨੇ ਤਿਹਾੜ ਜੇਲ੍ਹ ਵਿੱਚ ਬੰਦ ਆਪਣੇ ਕੁਝ ਵਿਅਕਤੀਆਂ ਨਾਲ ਸੰਪਰਕ ਕੀਤਾ। ਉਪਰੰਤ ਸੁਨੇਹਾ ਤਿਹਾੜ ਜੇਲ੍ਹ ਵਿੱਚ ਚੱਲ ਰਹੇ ਇਕ ਫੋਨ ’ਤੇ ਭੇਜਿਆ ਗਿਆ ਅਤੇ ਉੱਥੇ ਟੈਲੀਗ੍ਰਾਮ ਐਪ ’ਤੇ ਇਕ ਖਾਤਾ ਬਣਾਉਣ ਤੋਂ ਬਾਅਦ ਇਹ ਸੁਨੇਹਾ ਅਪਲੋਡ ਕੀਤਾ ਗਿਆ।’’
ਸੂਤਰਾਂ ਅਨੁਸਾਰ ਇਹ ਸਭ ਅਤਿਵਾਦੀ ਜਥੇਬੰਦੀ ਦੇ ਇਸ ਮਾਮਲੇ ’ਚ ਸ਼ਾਮਲ ਹੋਣ ਸਬੰਧੀ ਗਲਤ ਜਾਣਕਾਰੀ ਦੇਣ ਲਈ ਕੀਤਾ ਗਿਆ। ਕੌਮੀ ਜਾਂਚ ਏਜੰਸੀ ਵੱਲੋਂ ਧਮਾਕਾਖੇਜ਼ ਸਮੱਗਰੀ ਲੱਦਿਆ ਵਾਹਨ ਮਿਲਣ ਦੇ ਮਾਮਲੇ ਵਿੱਚ ਮੁੰਬਈ ਪੁਲੀਸ ਦੇ ਅਧਿਕਾਰੀ ਸਚਿਨ ਵਾਜ਼ੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ
ਤਿਹਾੜ ਜੇਲ੍ਹ ਅੰਦਰ ਟੈਲੀਗ੍ਰਾਮ ’ਤੇ ਬਣਾਇਆ ਸੀ ਖਾਤਾ
ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਇਕ ਮਹਿੰਦਰਾ ਸਕਾਰਪੀਓ ਗੱਡੀ ਦੱਖਣੀ ਮੁੰਬਈ ਵਿੱਚ ਅੰਬਾਨੀ ਦੇ ਬਹੁ-ਮੰਜ਼ਿਲਾ ਘਰ ‘ਐਂਟੀਲੀਆ’ ਨੇੜੇ ਖੜ੍ਹੀ ਮਿਲੀ ਸੀ, ਜਿਸ ਵਿੱਚੋਂ ਜਿਲੇਟਿਨ ਦੀਆਂ ਛੜਾਂ ਵੀ ਮਿਲੀਆਂ ਸਨ। ਪੁਲੀਸ ਦਾ ਕਹਿਣਾ ਸੀ ਕਿ 26 ਫਰਵਰੀ ਨੂੰ ਟੈਲੀਗ੍ਰਾਮ ’ਤੇ ਖਾਤਾ ਬਣਾਇਆ ਗਿਆ ਅਤੇ 27 ਫਰਵਰੀ ਦੇਰ ਰਾਤ ਇਕ ਸੁਨੇਹਾ ਜਾਰੀ ਕਰ ਕੇ ਅੰਬਾਨੀ ਦੇ ਘਰ ਦੇ ਬਾਹਰ ਉਕਤ ਵਾਹਨ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ, 28 ਫਰਵਰੀ ਨੂੰ ਜੈਸ਼-ਉਲ-ਹਿੰਦ ਨੇ ਇਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਹੋਰ ਸੁਨੇਹਾ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਇਸ ਘਟਨਾ ਵਿਚ ਜਥੇਬੰਦੀ ਦੀ ਕੋਈ ਭੂਮਿਕਾ ਨਹੀਂ ਹੈ।