ਨਵੀਂ ਦਿੱਲੀ, 7 ਜੂਨ
ਐਂਟੀਗਾ ਅਤੇ ਬਰਬੂਡਾ ਪੁਲੀਸ ਨੇ ਮੇਹੁਲ ਚੋਕਸੀ ਨੂੰ ਲੰਘੇ ਮਹੀਨੇ 23 ਮਈ ਨੂੰ ਐਂਟੀਗਾ ਤੋਂ ਕਥਿਤ ਅਗਵਾ ਕੀਤੇ ਜਾਣ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੈਰੇਬੀਅਨ ਟਾਪੂ ਦੇ ਨਿਊਜ਼ ਆਊਟਲੈੱਟ ਐਂਟੀਗਾ ਨਿਊਜ਼ ਰੂਮ ਮੁਤਾਬਕ ਪ੍ਰਧਾਨ ਮੰਤਰੀ ਗੈਸਟਨ ਬਰਾਊਨ ਨੇ ਕਿਹਾ ਕਿ ਚੋਕਸੀ ਦੇ ਵਕੀਲਾਂ ਨੇ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਚੋਕਸੀ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਵਾਲੇ ਵਿਅਕਤੀਆਂ, ਜਿਨ੍ਹਾਂ ’ਚ ਉਸ ਦੀ ਦੋਸਤ ਬਾਰਬਰਾ ਜਬਾਰਿਕਾ, ਨਰਿੰਦਰ ਸਿੰਘ ਅਤੇ ਗੁਰਮੀਤ ਸਿੰਘ ਤੋਂ ਇਲਾਵਾ ਕੁਝ ਅਣਪਛਾਤੇ ਲੋਕ ਸ਼ਾਮਲ ਹਨ, ਦੇ ਨਾਂ ਮੁਹੱਈਆ ਕਰਵਾਏ ਹਨ। ਬਰਾਊਨ ਨੇ ਕਿਹਾ ਕਿ ਪੁਲੀਸ ਅਤੇ ਸਰਕਾਰ ਵੱਲੋਂ ਕਥਿਤ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਚੋਕਸੀ ਨੇ ਸ਼ਿਕਾਇਤ ’ਚ ਕਿਹਾ ਹੈ ਕਿ, ਬਾਰਬਰਾ ਜਬਾਰਿਕਾ, ਜਿਸ ਨਾਲ ਪਿਛਲੇ ਸਾਲ ਉਸ ਦੀ ਕਥਿਤ ਦੋਸਤੀ ਹੋਈ ਸੀ, ਕੁਝ ਵਿਅਕਤੀਆਂ ਵੱਲੋਂ ਉਸ ਨੂੰ ਕਥਿਤ ਅਗਵਾ ਕੀਤੇ ਜਾਣ ’ਚ ਸ਼ਾਮਲ ਹੈ। ਕਾਰੋਬਾਰੀ ਚੋਕਸੀ ਨੇ ਦਾਅਵਾ ਕੀਤਾ ਕਿ 23 ਮਈ ਨੂੰ ਬਾਰਬਰਾ ਜਬਾਰਿਕਾ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ, ਜਿੱਥੇ ਆਏ ਅੱਠ-ਦਸ ਵਿਅਕਤੀਆਂ, ਜੋ ਕਿ ਐਂਟੀਗਾ ਪੁਲੀਸ ਦੇ ਮੁਲਾਜ਼ਮਾਂ ਵਰਗੇ ਲੱਗਦੇ ਸਨ, ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਪਰਸ, ਘੜੀ, ਮੋਬਾਈਲ ਫੋਨ ਵੀ ਲੈ ਗਏ। ਜਦਕਿ ਜਬਾਰਿਕਾ ਨੇ ਉਸ ਨੂੰ ਬਚਾਉਣ ’ਚ ਕੋਈ ਮਦਦ ਨਾ ਕੀਤੀ। ਚੋਕਸੀ ਨੇ ਕਥਿਤ ਦੋਸ਼ ਲਾਇਆ ਜਬਾਰਿਕਾ ਉਸ ਨੂੰ ਅਗਵਾ ਕਰਨ ਦੀ ਯੋਜਨਾ ਦਾ ਅਹਿਮ ਹਿੱਸਾ ਹੈ।
ਰੇਡੀਓ ’ਤੇ ਬੋਲਦਿਆਂ ਸ੍ਰੀ ਬਰਾਊਨ ਨੇ ਕਿਹਾ, ‘ਚੋਕਸੀ ਨੇ ਐਂਟੀਗਾ ਅਤੇ ਬਾਰਬਾਡੋਸ ਦੀ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਅਗਵਾ ਕੀਤਾ ਗਿਆ ਸੀ। ਉਸ ਨੇ ਆਪਣੇ ਵਕੀਲਾਂ ਰਾਹੀਂ ਰਸਮੀ ਦਾਅਵਾ ਕੀਤਾ ਹੈ ਕਿ ਉਸ ਨੂੰ ਐਂਟੀਗਾ ਤੋਂ ਅਗਵਾ ਕਰਕੇ ਡੋਮੀਨਿਕਾ ਲਿਜਾਇਆ ਗਿਆ। ਪੁਲੀਸ ਇਸ ਰਿਪੋਰਟ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਹੁਣ ਅਗਵਾ ਸਬੰਧੀ ਜਾਂਚ ਕਰ ਰਹੀ ਹੈ।’ ਇਸੇ ਦੌਰਾਨ ਐਸੋਸੀਏਟਸ ਟਾਈਮਜ਼ ਦੀ ਇੱਕ ਹੋਰ ਰਿਪੋਰਟ ਮੁਤਾਬਕ ਡੋਮੀਨਿਕਾ ਦੇ ਵਿਰੋਧੀ ਧਿਰ ਦੇ ਨੇਤਾ ਲੈਨੌਕਸ ਲਿੰਟਨ ਦੇ ਦਾਅਵੇ ’ਚ ਖਾਮੀ ਲੱਭੀ ਹੈ, ਜਿਨ੍ਹਾਂ ਦਾਅਵਾ ਕੀਤਾ ਹੈ ਕਿ 23 ਮਈ ਨੂੰ ਚੋਕਸੀ ਨੂੰ ਕਿਸ਼ਤੀ ਰਾਹੀਂ ਰਾਤ ਲੱਗਪਗ 10 ਵਜੇ ਡੋਮੀਨਿਕਾ ਲਿਆਂਦਾ ਗਿਆ ਸੀ।
ਜ਼ਿਕਰਯੋਗ ਹੈ ਕਿ ਭਗੌੜਾ ਮੇਹੁਲ ਚੋਕਸੀ, ਜੋ ਕਿ ਪੀਐੱਨਬੀ ਨਾਲ ਅਰਬਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਭਾਰਤ ਨੂੰ ਲੋੜੀਂਦਾ ਹੈ, 23 ਮਈ ਨੂੰ ਐਂਟੀਗਾ ਤੋਂ ਲਾਪਤਾ ਹੋ ਗਿਆ ਸੀ। ਬਾਅਦ ’ਚ ਉਸ ਨੂੰ 26 ਮਈ ਨੂੰ ਡੋਮੀਨਿਕਾ ਤੋਂ ਫੜਿਆ ਗਿਆ ਸੀ। ਚੋਕਸੀ ਤੇ ਉਸ ਦੇ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਜਬਰਦਸਤੀ ਕਿਸ਼ਤੀ ਬੈਠਣ ਲਈ ਮਜਬੂਰ ਕੀਤਾ ਗਿਆ ਅਤੇ ਅਗਵਾ ਕਰ ਲਿਆ ਗਿਆ ਸੀ। -ਏਜੰਸੀਆਂ