ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਵੇਲੇ ਸਰਸਵਤੀ ਵਿਹਾਰ ਪੁਲੀਸ ਥਾਣੇ ਅਧੀਨ ਆਉਂਦੇ ਇਲਾਕੇ ਦੇ ਰਹਿਣ ਵਾਲੇ ਜਸਵੰਤ ਸਿੰਘ ਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਨੂੰ ਜਿਊਂਦਾ ਸਾੜਨ ਦੇ ਕੇਸ ਵਿਚ ਸੱਜਣ ਕੁਮਾਰ ਖ਼ਿਲਾਫ਼ ਅੱਜ ਦਿੱਲੀ ਦੀ ਅਦਾਲਤ ਵਿਚ ਦੋਸ਼ ਆਇਦ ਹੋ ਗਏ ਹਨ। ਇਕ ਬਿਆਨ ਵਿਚ ਕਾਲਕਾ ਨੇ ਕਿਹਾ ਕਿ 1984 ਦੇ ਕਤਲੇਆਮ ਵੇਲੇ ਸੱਜਣ ਕੁਮਾਰ ਦੀ ਅਗਵਾਈ ਵਾਲੀ ਭੀੜ ਵੱਲੋਂ ਰਾਜ ਨਗਰ ਦਿੱਲੀ ਦੇ ਰਹਿਣ ਵਾਲੇ ਦੋਵਾਂ ਪਿਓ-ਪੁੱਤਰਾਂ ਨੁੰ ਜਿਊਂਦਾ ਸਾੜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਅੱਜ ਐੱਮਕੇ ਨਾਗਪਾਲ ਸਪੈਸ਼ਲ ਜੱਜ ਰੋਜ਼ ਐਵੇਨਿਊ ਕੋਰਟ ਦੀ ਅਦਾਲਤ ਵੱਲੋਂ ਸੱਜਣ ਕੁਮਾਰ ਦੇ ਖ਼ਿਲਾਫ਼ ਧਾਰਾ 147, 148, 149, 302, 308, 323, 395, 397, 427, 436 440 ਅਤੇ 149 ਆਈਪੀਸੀ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਜਦੋਂ ਕਿ ਦਿੱਲੀ ਕਮੇਟੀ ਦੀ ਲੀਗਲ ਟੀਮ ਤੇ ਸਰਕਾਰੀ ਧਿਰ ਨੇ ਸੱਜਣ ਕੁਮਾਰ ਨੁੰ ਦੋਸ਼ੀ ਦੱਸਿਆ। ਇਸ ਮਾਮਲੇ ਵਿਚ ਹੁਣ ਅਦਾਲਤ ’ਚ ਮੁਕੱਦਮੇ ਦੀ ਸੁਣਵਾਈ ਹੋਵੇਗੀ ਤੇ ਸਬੰਧਤ ਧਿਰਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ।