ਨਵੀਂ ਦਿੱਲੀ, 10 ਅਗਸਤਇਥੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੌਰਾਨ ਮੁਸਲਿਮ ਵਿਰੋਧੀ ਨਾਅਰੇਬਾਜ਼ੀ ਵੀਡੀਓ ਦੇ ਸਬੰਧੀ ਦਿੱਲੀ ਪੁਲੀਸ ਨੇ ਵਕੀਲ ਅਤੇ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਨੀ ਉਪਾਧਿਆਏ ਸਮੇਤ ਛੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਛੇ ਲੋਕਾਂ ਨੂੰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਦੇ ਵੱਖ-ਵੱਖ ਖੇਤਰਾਂ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਦੀ ਤਸਦੀਕ ਕੀਤੀ ਜਾ ਰਹੀ ਹੈ। ਇਥੇ ਜੰਤਰ-ਮੰਤਰ ‘ਤੇ ਮੁਜ਼ਾਹਰੇ ਦੌਰਾਨ ਮੁਸਲਿਮ ਵਿਰੋਧੀ ਨਾਅਰਿਆਂ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਦਿੱਲੀ ਪੁਲੀਸ ਨੇ ਸੋਮਵਾਰ ਨੂੰ ਮਾਮਲਾ ਦਰਜ ਕੀਤਾ। ਐਤਵਾਰ ਨੂੰ ਜੰਤਰ-ਮੰਤਰ ‘ਤੇ ਭਾਰਤ ਜੋੜੋ ਅੰਦੋਲਨ ਵੱਲੋਂ ਕਰਵਾਏ ਪ੍ਰਦਰਸ਼ਨ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ ਸਨ। ਭਾਰਤ ਜੋੜੋ ਅੰਦੋਲਨ ਦੀ ਮੀਡੀਆ ਇੰਚਾਰਜ ਸ਼ਿਪਰਾ ਸ੍ਰੀਵਾਸਤਵ ਨੇ ਕਿਹਾ ਸੀ ਕਿ ਇਹ ਵਿਰੋਧ ਪ੍ਰਦਰਸ਼ਨ ਉਪਾਧਿਆਏ ਦੀ ਅਗਵਾਈ ਹੇਠ ਕੀਤਾ ਗਿਆ ਸੀ। ਹਾਲਾਂਕਿ, ਉਸ ਨੇ ਮੁਸਲਿਮ ਵਿਰੋਧੀ ਨਾਅਰਿਆਂ ਤੋਂ ਇਨਕਾਰ ਕੀਤਾ।