ਜੈਪੁਰ, 15 ਜੂਨ
ਮੁੱਖ ਮੰਤਰੀ ਅਸ਼ੋਕ ਗਹਿਲੋਤ ਖ਼ਿਲਾਫ਼ ਲਗਪਗ ਇੱਕ ਸਾਲ ਪਹਿਲਾਂ ਬਗ਼ਾਵਤ ਕਰਨ ਵਾਲੇ ਵਿਧਾਇਕਾਂ ਵਿੱਚੋਂ ਇੱਕ ਤੇ ਸਚਿਨ ਪਾਇਲਟ ਦੇ ਨਜ਼ਦੀਕੀ ਕਾਂਗਰਸੀ ਵਿਧਾਇਕ ਭੰਵਰਲਾਲ ਸ਼ਰਮਾ ਨੇ ਅੱਜ ਮੁੱਖ ਮੰਤਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿਆਸਤ ਦੀ ਦੂਜੀ ਲਹਿਰ ਹੌਲੀ ਹੌਲੀ ਠੰਢੀ ਪੈ ਜਾਵੇਗੀ।
ਸ੍ਰੀ ਸ਼ਰਮਾ ਨੇ ਜੈਪੁਰ ਸਥਿਤ ਆਪਣੀ ਰਿਹਾਇਸ਼ ’ਚ ਗੱਲਬਾਤ ਦੌਰਾਨ ਕਿਹਾ, ‘ਮੈਂ ਸਚਿਨ ਪਾਇਲਟ ਨੂੰ ਆਪਣਾ ਆਗੂ ਮੰਨਦਾ ਹਾਂ। ਅਸ਼ੋਕ ਗਹਿਲੋਤ ਉਨ੍ਹਾਂ ਤੋਂ ਉੱਪਰ ਹਨ। ਉਹ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੂੰ ਲੀਡਰ ਮੰਨਣਾ ਹੀ ਪਵੇਗਾ ਤੇ ਸਚਿਨ ਜੀ ਨੂੰ ਵੀ ਉਨ੍ਹਾਂ ਨੂੰ ਆਗੂ ਮੰਨਣਾ ਹੀ ਪਵੇਗਾ।’ ਸ੍ਰੀ ਸ਼ਰਮਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਸੂਬੇ ਵਿੱਚ ਮੰਤਰੀ ਮੰਡਲ ਦੇ ਵਿਸਤਾਰ ਤੇ ਸਿਆਸੀ ਨਿਯੁਕਤੀਆਂ ਸਬੰਧੀ ਸਰਗਰਮੀ ਤੇਜ਼ ਹੈ।
ਦੱਸਣਯੋਗ ਹੈ ਕਿ ਪਾਇਲਟ ਧੜੇ ਦੇ ਵਿਧਾਇਕ ਇੰਦਰਾਜ ਗੁਰਜਰ ਤੇ ਪੀ ਆਰ ਮੀਣਾ ਤੋਂ ਬਾਅਦ ਭੰਵਰਲਾਲ ਸ਼ਰਮਾ ਤੀਜੇ ਵਿਧਾਇਕ ਹਨ, ਜਿਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਗਹਿਲੋਤ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਦਾਅਵਾ ਵੀ ਕੀਤਾ ਕਿ ਸਚਿਨ ਪਾਇਲਟ ਭਾਜਪਾ ’ਚ ਨਹੀਂ ਜਾਣਗੇ। -ਪੀਟੀਆਈ