ਮੁੱਖ ਅੰਸ਼
- ਗ੍ਰਿਫ਼ਤਾਰ ਨਾਬਾਲਗ ਨੂੰ ਸੁਰੱਖਿਅਤ ਕਸਟਡੀ ਲਈ ਜੁਵੇਨਾਈਲ ਕੋਰਟ ਵਿੱਚ ਕੀਤਾ ਪੇਸ਼
- ਪੰਜਵੇਂ ਮਸ਼ਕੂਕ ਦੀ ਭਾਲ ਜਾਰੀ
ਹੈਦਰਾਬਾਦ, 5 ਜੂਨ
ਹੈਦਰਾਬਾਦ ਪੁਲੀਸ ਨੇ ਜੁਬਲੀ ਹਿਲਜ਼ ਇਲਾਕੇ ਵਿੱਚ 17 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਇਕ ਹੋਰ ਨਾਬਾਲਗ ਨੂੰ ਅੱਜ ਕਾਬੂ ਕਰ ਲਿਆ ਹੈ। ਉਧਰ ਤਿਲੰਗਾਨਾ ਦੇ ਰਾਜਪਾਲ ਤਾਮਿਲਿਸਾਈ ਸੁੰਦਰਾਜਨ ਨੇ ਸੂਬੇ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਇਸ ਪੂਰੇ ਮਾਮਲੇ ’ਚ ਦੋ ਦਿਨਾਂ ਅੰਦਰ ਤਫ਼ਸੀਲੀ ਰਿਪੋਰਟ ਮੰਗ ਲਈ ਹੈ। ਇਸ ਸੱਜਰੀ ਗ੍ਰਿਫ਼ਤਾਰੀ ਨਾਲ ਪੁਲੀਸ ਹੁਣ ਤੱਕ ਇਸ ਮਾਮਲੇ ਵਿੱਚ 18 ਸਾਲਾ ਨੌਜਵਾਨ ਤੇ ਤਿੰਨ ਨਾਬਾਲਗਾਂ ਨੂੰ ਫੜਨ ਵਿੱਚ ਸਫ਼ਲ ਰਹੀ ਹੈ। ਪੰਜਵੇਂ ਮਸ਼ਕੂਕ ਦੀ ਭਾਲ ਜਾਰੀ ਹੈ, ਜੋ ਇਸ ਵੇਲੇ ਫ਼ਰਾਰ ਹੈ। ਇਨ੍ਹਾਂ ਵਿੱਚੋਂ ਇਕ ਨਾਬਾਲਗ ਸੂਬੇ ਵਿੱਚ ਅਸਰ ਰਸੂਖ਼ ਰੱਖਣ ਵਾਲੇ ਸਿਆਸੀ ਆਗੂ(ਵਿਧਾਇਕ) ਦਾ ਪੁੱਤ ਦੱਸਿਆ ਜਾਂਦਾ ਹੈ।
ਡੀਸੀਪੀ (ਪੱਛਮੀ ਜ਼ੋਨ) ਜੋਇਲ ਡੈਵਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਅੱਜ ਗ੍ਰਿਫ਼ਤਾਰ ਕੀਤੇ ਨਾਬਾਲਗ ਨੂੰ ਸੁਰੱਖਿਅਤ ਕਸਟਡੀ ਲਈ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਡੀਸੀਪੀ ਨੇ ਕਿਹਾ ਕਿ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਵਿੱਚੋਂ ਇਕ ਬਾਲਗ ਤੇ ਤਿੰਨ ਨਾਬਾਲਗ ਹਨ ਜਦੋਂਕਿ ਪੰਜਵੇਂ ਦੀ ਭਾਲ ਜਾਰੀ ਹੈ। ਪੁਲੀਸ ਮੁਤਾਬਕ ਪੀੜਤ ਅੱਲ੍ਹੜ ਕੁੜੀ 28 ਮਈ ਨੂੰ ਦਿਨੇ ਪਾਰਟੀ ਲਈ ਪੱਬ ਗਈ ਸੀ ਤੇ ਪੰਜ ਵਿਅਕਤੀਆਂ, ਜਿਨ੍ਹਾਂ ਵਿੱਚੋਂ ਤਿੰਨ ਨਾਬਾਲਗ ਸਨ, ਨੇ ਉਸ ਨਾਲ ਗੱਡੀ ਵਿੱਚ ਸਮੂਹਿਕ ਜਬਰ-ਜਨਾਹ ਕੀਤਾ ਸੀ।
ਉਧਰ ਰਾਜਪਾਲ ਸੁੰਦਰਾਜਨ ਦੇ ਪ੍ਰੈੱਸ ਸਕੱਤਰ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਰਾਜਪਾਲ ਇਸ ਘਿਣਾਉਣੀ ਘਟਨਾ ਨੂੰ ਲੈ ਕੇ ਬਹੁਤ ਪੀੜਾ ਵਿੱਚ ਹਨ। ਬਿਆਨ ਵਿੱਚ ਕਿਹਾ ਗਿਆ, ‘‘ਇਸ ਘਿਣਾਉਣੀ ਘਟਨਾ ਨੂੰ ਲੈ ਕੇ ਡੂੰਘੀ ਪੀੜਾ ਮਹਿਸੂਸ ਕਰ ਰਹੇ ਸਤਿਕਾਰਯੋਗ ਰਾਜਪਾਲ ਨੇ ਇਸ ਮੁੱਦੇ ’ਤੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਦੋ ਦਿਨਾਂ ਅੰਦਰ ਤਫ਼ਸੀਲੀ ਰਿਪੋਰਟ ਸੌਂਪਣ ਦੇ ਹੁਕਮ ਕੀਤੇ ਹਨ।’’ ਕਾਬਿਲੇਗੌਰ ਹੈ ਕਿ ਸਮੂਹਿਕ ਜਬਰ-ਜਨਾਹ ਦੀ ਘਟਨਾ ਮਗਰੋਂ ਭਾਜਪਾ ਤੇ ਕਾਂਗਰਸ ਵੱਲੋਂ ਕੇ.ਚੰਦਰਸ਼ੇਖ਼ਰ ਰਾਓ ਦੀ ਅਗਵਾਈ ਵਾਲੀ ਸਰਕਾਰ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਵਿਰੋਧੀ ਧਿਰਾਂ ਨੇ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਐੱਮ.ਰਘੂਨੰਦਨ ਰਾਓ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਤਸਵੀਰਾਂ ਵਿਖਾਉਂਦਿਆਂ ਦਾਅਵਾ ਕੀਤਾ ਸੀ ਕਿ ਇਨ੍ਹਾਂ ਨੂੰ ਵੇਖ ਕੇ ਸਾਫ਼ ਹੈ ਕਿ ਇਸ ਪੂਰੇ ਮਾਮਲੇ ਵਿੱਚ ਏਆਈਐੱਮਆਈਐੱਮ ਵਿਧਾਇਕ ਦਾ ਪੁੱਤਰ ਵੀ ਸ਼ਾਮਲ ਹੈ। -ਪੀਟੀਆਈ