ਜੰਮੂ, 19 ਅਕਤੂਬਰ
ਨੈਸ਼ਨਲ ਕਾਨਫਰੰਸ ਆਗੂ ਦੇਵੇਂਦਰ ਰਾਣਾ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਪਾਰਟੀ ਦੇ ਇਕ ਹੋਰ ਆਗੂ ਅਤੇ ਜੰਮੂ ਤੇ ਕਸ਼ਮੀਰ ਸਰਕਾਰ ’ਚ ਸਾਬਕਾ ਮੰਤਰੀ ਸਾਗਰ ਅਜ਼ੀਜ਼ ਵੀ ਅੱਜ ਪਾਰਟੀ ਨੂੰ ਅਲਵਿਦਾ ਆਖ ਗਏ। ਅਜ਼ੀਜ਼, ਜੋ ਨੈਸ਼ਨਲ ਕਾਨਫਰੰਸ ਦੇ ਬਾਨੀ ਅਸੈਂਬਲੀ ਹਲਕੇ ਦੇ ਇੰਚਾਰਜ ਵੀ ਸਨ, ਨੇ ਕਿਹਾ ਕਿ ਉਹ ਆਪਣੇ ਹਮਾਇਤੀਆਂ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਅਜ਼ੀਜ਼ ਨੇ ਕਿਹਾ, ‘‘ਮੈਂ 45 ਸਾਲਾਂ ਤੱਕ ਕਾਂਗਰਸ ਵਿੱਚ ਰਿਹਾ ਤੇ ਸਿਰਫ਼ (ਦੇਵੇਂਦਰ) ਰਾਣਾ ਕਰਕੇ ਹੀ ਮੈਂ ਨੈਸ਼ਨਲ ਕਾਨਫਰੰਸ ਵਿੱਚ ਸ਼ਾਮਲ ਹੋਇਆ ਸੀ। ਮੈਨੂੰ ਪਤਾ ਹੈ ਕਿ ਉਹ ਜੰਮੂ ਦੀ ਭਲਾਈ ਲਈ ਕੰਮ ਕਰ ਰਿਹੈ, ਮੈਂ ਉਸ ਦੇ ਇਸ ਟੀਚੇ ਦੀ ਹਮਾਇਤ ਕਰਦਾ ਹਾਂ।’’ ਅਜ਼ੀਜ਼ ਨੇ ਇਕ ਬਿਆਨ ਵਿੱਚ ਕਿਹਾ, ‘ਹੁਣ ਜਦੋਂ ਰਾਣਾ ਨੇ ਜੰਮੂ ਕਰਕੇ ਖੁ਼ਦ ਨੂੰ ਨੈਸ਼ਨਲ ਕਾਨਫਰੰਸ ਤੋਂ ਵੱਖ ਕਰ ਲਿਆ ਹੈ ਤਾਂ ਮੈਂ ਵੀ ਇਸ ਪਾਰਟੀ ਨਾਲ ਬਣਿਆ ਨਹੀਂ ਰਹਿ ਸਕਦਾ ਤੇ ਰਾਣਾ ਨੂੰ ਹਮਾਇਤ ਦਿੰਦਾ ਹਾਂ।’’ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਦੇ ਛੋਟੇ ਭਰਾ ਦੇਵੇਂਦਰ ਰਾਣਾ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਐੱਸ.ਐੱਸ.ਸਲਾਥੀਆ ਨਾਲ 10 ਅਕਤੂਬਰ ਨੂੰ ਨੈਸ਼ਨਲ ਕਾਨਫਰੰਸ ’ਚੋਂ ਅਸਤੀਫਾ ਦੇ ਦਿੱਤਾ ਸੀ। ਅਗਲੇ ਦਿਨ ਦੋਵੇਂ ਰਸਮੀ ਤੌਰ ’ਤੇ ਦਿੱਲੀ ਵਿੱਚ ਭਾਜਪਾ ’ਚ ਸ਼ਾਮਲ ਹੋ ਗਏ ਸਨ। ਰਾਣਾ ਨੈਸ਼ਨਲ ਕਾਨਫਰੰਸ ਦਾ ਸੂਬਾਈ ਪ੍ਰਧਾਨ ਸੀ। -ਪੀਟੀਆਈ