ਅਯੁੱਧਿਆ, 15 ਜੂਨ
ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਰਾਮ ਮੰਦਰ ਲਈ ਜ਼ਮੀਨ ਖਰੀਦਣ ਵਿੱਚ ਹੋਏ ਕਥਿਤ ਘਪਲੇ ਦੇ ਦੋੋੋਸ਼ਾਂ ਦੌਰਾਨ ਇੱਕ ਹੋਰ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟਰੱਸਟ ਰਾਮ ਜਨਮ ਭੂਮੀ ਮੰਦਰ ਨੂੰ ਵਾਸਤੂ ਸ਼ਾਸਤਰ ਅਨੁਸਾਰ ਸੋਹਣੀ ਦਿੱਖ ਦੇਣ, ਕੰਪਲੈਕਸ ਨੂੰ ਹਰੇਕ ਪੱਖ ਤੋਂ ਸੁਰੱਖਿਅਤ ਬਣਾਉਣ ਤੇ ਸ਼ਰਧਾਲੂਆਂ ਨੂੰ ਹਰੇਕ ਸਹੂਲਤ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਦਰ ਦੇ ਪੂਰਬੀ ਤੇ ਪੱਛਮੀ ਭਾਗ ਵਿਚਲੀ ਚਾਰ ਦੀਵਾਰੀ ਦੇ ਅੰਦਰ ਆਉਣ ਵਾਲੇ ਮਹੱਤਵਪੂਰਨ ਮੰਦਰ/ਸਥਾਨ ਆਪਸੀ ਸਹਿਮਤੀ ਨਾਲ ਖਰੀਦੇ ਗਏ ਹਨ। ਤੀਰਥ ਖੇਤਰ ਬਾਰੇ ਫ਼ੈਸਲਾ ਲਿਆ ਗਿਆ ਹੈ ਕਿ ਇਸ ਪ੍ਰਕਿਰਿਆ ਦੌਰਾਨ ਪ੍ਰਭਾਵਿਤ ਹੋਣ ਵਾਲੀ ਹਰੇਕ ਸੰਸਥਾ ਤੇ ਵਿਅਕਤੀ ਦਾ ਪੁਨਰਵਾਸ ਕੀਤਾ ਜਾਵੇਗਾ। ਇਸ ਲਈ ਭੂਮੀ ਦੀ ਚੋਣ ਸਬੰਧਤ ਸੰਸਥਾਵਾਂ ਤੇ ਵਿਅਕਤੀਆਂ ਦੀ ਸਹਿਮਤੀ ਨਾਲ ਕੀਤੀ ਜਾ ਰਹੀ ਹੈ। ਇਸ ਪ੍ਰਕਿਰਿਆ ਤਹਿਤ ਬਾਗ਼ ਬਿਜੇਸੀ ਅਯੁੱਧਿਆ ’ਚ ਸਥਿਤ 1.20 ਹੈਕਟੇਅਰ ਜ਼ਮੀਨ ਨੂੰ ਪਾਰਦਰਸ਼ਤਾ ਨਾਲ ਕੌਸ਼ਲਿਆ ਸਦਨ ਵਰਗੇ ਮਹੱਤਵਪੂਰਨ ਮੰਦਰਾਂ ਦੀ ਸਹਿਮਤੀ ਨਾਲ ਖਰੀਦਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਸਥਾਨ ਪ੍ਰਮੁੱਖ ਸਥਾਨ ਹੈ, ਜੋ ਅਯੁੱਧਿਆ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਹੈ। ਇਸ ਜ਼ਮੀਨ ਸਬੰਧੀ ਸਾਲ 2011 ਤੋਂ ਵਰਤਮਾਨ ਵਿਕਰੇਤਾਵਾਂ ਨੂੰ ਵੱਖ ਵੱਖ ਸਮੇਂ (2011, 2017 ਤੇ 2019) ਵਿੱਚ ਠੇਕਾ ਦਿੱਤਾ ਗਿਆ ਸੀ। ਜ਼ਮੀਨ ਲਈ ਮੰਗੇ ਗਏ ਮੁੱਲ ਦੀ ਤੁਲਨਾ ਵਰਤਮਾਨ ਬਾਜ਼ਾਰ ਮੁੱਲ ਨਾਲ ਕੀਤੀ ਗਈ ਤੇ ਆਖ਼ਰੀ ਬਕਾਇਆ ਰਾਸ਼ੀ ਲਗਪਗ 1423 ਰੁਪਏ ਵਰਗ ਫੁੱਟ ਤੈਅ ਕੀਤੀ ਗਈ, ਜੋ ਆਸ-ਪਾਸ ਦੇ ਖੇਤਰ ਦੇ ਵਰਤਮਾਨ ਬਾਜ਼ਾਰ ਮੁੱਲ ਤੋਂ ਕਾਫ਼ੀ ਘੱਟ ਹੈ। ਭਾਅ ’ਤੇ ਸਹਿਮਤੀ ਮਗਰੋਂ ਸਬੰਧਤ ਵਿਅਕਤੀਆਂ ਨੂੰ ਆਪਣੇ ਪਹਿਲੇ ਇਕਰਾਰਨਾਮਿਆਂ ਨੂੰ ਪੂਰਾ ਕਰਨ ਦੀ ਲੋੜ ਸੀ, ਤਦ ਹੀ ਸਬੰਧਤ ਭੂਮੀ ਹਾਸਲ ਕੀਤੀ ਜਾ ਸਕਦੀ ਸੀ। ਜਿਵੇਂ ਹੀ ਤੀਰਥ ਖੇਤਰ ਨਾਲ ਇਕਰਾਰ ਕਰਨ ਵਾਲੇ ਵਿਅਕਤੀਆਂ ਦੇ ਪੱਖ ’ਚ ਭੂਮੀ ਵਸੀਕਾ ਕੀਤਾ ਗਿਆ, ਸਮਝੌਤੇ ’ਤੇ ਹਸਤਾਖ਼ਰ ਕੀਤੇ ਗਏ ਤੇ ਪਾਰਦਰਸ਼ਤਾ ਨਾਲ ਰਜਿਸਟਰੇਸ਼ਨ ਕੀਤੀ ਗਈ। -ਆਈਏਐੱਨਐੱਸ
ਅਯੁੱਧਿਆ ਜ਼ਮੀਨ ਸੌਦਾ: ਰਾਜ ਸਭਾ ਮੈਂਬਰ ਸੰਜੈ ਸਿੰਘ ਦੇ ਘਰ ਬਾਹਰ ਬੋਰਡ ’ਤੇ ਕਾਲਖ਼ ਮਲ਼ੀ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਟਰੱਸਟ ਵੱਲੋਂ ਜ਼ਮੀਨ ਦੀ ਖਰੀਦ ’ਚ ਕੀਤੇ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤੇ ਜਾਣ ਤੋਂ ਨਾਰਾਜ਼ ਭਾਜਪਾ ਹਮਾਇਤੀਆਂ ਨੇ ਅੱਜ ਉਨ੍ਹਾਂ ਦੇ ਘਰ ’ਤੇ ‘ਹਮਲਾ’ ਕੀਤਾ। ਸੰਜੈ ਸਿੰਘ ਨੇ ਖ਼ੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਆਮ ਆਦਮੀ ਪਾਰਟੀ (ਆਪ) ਵਿਚਲੇ ਸੂਤਰਾਂ ਮੁਤਾਬਕ ਦੋ ਵਿਅਕਤੀਆਂ ਨੇ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਨੌਰਥ ਐਵੇਨਿਊ ਵਿਚਲੇ ਸੰਜੈ ਸਿੰਘ ਦੇ ਘਰ ਦੇ ਬਾਹਰ ਲੱਗੀ ਨਾਮ ਵਾਲੀ ਤਖ਼ਤੀ ਨੂੰ ਕਾਲਖ਼ ਮਲ ਦਿੱਤੀ ਤੇ ਉਨ੍ਹਾਂ ਜਬਰੀ ਘਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਇਸ ਘਟਨਾ ਵਿੱਚ ਕਿਸੇ ਦੇ ਕੋਈ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਸੰਜੈ ਸਿੰਘ ਨੇ ਮਗਰੋਂ ਇਕ ਟਵੀਟ ਵਿੱਚ ਦੋਸ਼ ਲਾਇਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਉਨ੍ਹਾਂ ਉੱਤੇ ਹਮਲਾ ਕਰਨ ਲਈ ਘਰ ਵਿੱਚ ਦਾਖਲ ਹੋਏ ਸਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਵਿੱਚ ਚਾਰ-ਪੰਜ ਲੋਕ ਸ਼ਾਮਲ ਸਨ। ਸੰਜੇ ਸਿੰਘ ਨੇ ਟਵੀਟ ਕੀਤਾ, ‘‘ਮੇਰੇ ਘਰ ’ਤੇ ਹਮਲਾ ਹੋਇਆ ਹੈ। ਕੰਨ ਖੋਲ੍ਹ ਕੇ ਸੁਣ ਲਓ ਭਾਜਪਾਈਓ। ਚਾਹੇ ਜਿੰਨੀ ਗੁੰਡਾਗਰਦੀ ਕਰ ਲਓ, ਪ੍ਰਭੂ ਸ੍ਰੀ ਰਾਮ ਦੇ ਨਾਂ ’ਤੇ ਬਣਨ ਵਾਲੇ ਮੰਦਰ ਵਿੱਚ ਚੰਦਾ ਚੋਰੀ ਨਹੀਂ ਕਰਨ ਦਿਆਂਗਾ। ਇਸ ਲਈ ਚਾਹੇ ਮੇਰਾ ਕਤਲ ਹੋ ਜਾਵੇ।’ ਰਾਜ ਸਭਾ ਮੈਂਬਰ ਨੇ ਕਿਹਾ ਕਿ ਹਮਲਾਵਰ ਉਸ ਖਿਲਾਫ਼ ਅਤੇ ਰਾਮਜਨਮਭੂਮੀ ਟਰੱਸਟ ਦੀ ਹਮਾਇਤ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ। ਚੇਤੇ ਰਹੇ ਕਿ ਸੰਜੈ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਰਾਮ ਜਨਮ ਭੂਮੀ ਟਰੱਸਟ ਦੀ ਜ਼ਮੀਨ ਖਰੀਦ ਵਿੱਚ ਘੁਟਾਲੇ ਦਾ ਦੋਸ਼ ਲਾਇਆ ਸੀ। ‘ਆਪ’ ਆਗੂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਮਿੱਟੀ ਦਾ ਤੇਲ ਛਿੜਕ ਕੇ ਸਾੜ ਦੇਣ ਦੀ ਧਮਕੀ ਮਿਲੀ ਸੀ।