ਨਵੀਂ ਦਿੱਲੀ, 22 ਫਰਵਰੀ
ਗਣਤੰਤਰ ਦਿਵਸ ਵਾਲੇ ਦਿਨ ਕਥਿਤ ਤੌਰ ’ਤੇ ਲਾਲ ਕਿਲੇ ਦੇ ਮਕਬਰੇ ਉਤੇ ਚੜ੍ਹਨ ਵਾਲੇ 29 ਸਾਲਾ ਜਸਪ੍ਰੀਤ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲੀਸ ਮੁਤਾਬਕ ਉਹ ਪਹਿਲਾਂ ਗ੍ਰਿਫ਼ਤਾਰ ਮਨਿੰਦਰ ਸਿੰਘ ਦਾ ਸਾਥੀ ਹੈ। ਮਨਿੰਦਰ ਨੂੰ ਪਿਛਲੇ ਮੰਗਲਵਾਰ ਲਾਲ ਕਿਲੇ ’ਤੇ ਹੋਈ ਹਿੰਸਾ ਦੌਰਾਨ ਕਿਰਪਾਨਾਂ ਲਹਿਰਾਉਣ ਦੇ ਦੋਸ਼ ਹੇਠ ਗ੍ਰਿ੍ਫ਼ਤਾਰ ਕੀਤਾ ਗਿਆ ਸੀ। ਪੁਲੀਸ ਮੁਤਾਬਕ ਉਸ ਨੇ ਮੁਜ਼ਾਹਰਾਕਾਰੀਆਂ ਨੂੰ ‘ਭੜਕਾਉਣ’ ਦਾ ਯਤਨ ਕੀਤਾ ਸੀ। ਜਸਪ੍ਰੀਤ ਉੱਤਰ-ਪੱਛਮੀ ਦਿੱਲੀ ਦੇ ਸਵਰੂਪ ਨਗਰ ਦਾ ਰਹਿਣ ਵਾਲਾ ਹੈ। ਪੁਲੀਸ ਨੇ ਕਿਹਾ ਕਿ ਜਸਪ੍ਰੀਤ ਦੀ ਪਛਾਣ ਫੋਟੋਆਂ ਤੇ ਵੀਡੀਓਜ਼ ਤੋਂ ਕੀਤੀ ਗਈ ਹੈ। ਉਹ ਮਨਿੰਦਰ ਦੇ ਪਿੱਛੇ ਖੜਾ ਸੀ। -ਪੀਟੀਆਈ
ਦਿੱਲੀ ਹਿੰਸਾ ਮਾਮਲੇ ’ਚ ਗ੍ਰਿਫ਼ਤਾਰ ਵਿਅਕਤੀ ਨੂੰ ਜ਼ਮਾਨਤ ਮਿਲੀ
ਨਵੀਂ ਦਿੱਲੀ: ਥਾਣਾ ਅਲੀਪੁਰ ਵੱਲੋਂ 26 ਜਨਵਰੀ ਤੋਂ ਬਾਅਦ ਹੋਈ ਹਿੰਸਾ ਮਾਮਲੇ ’ਚ ਦਰਜ ਕੇਸ ਤਹਿਤ ਗ੍ਰਿਫਤਾਰ ਵਿਅਕਤੀ ਦੀ ਜ਼ਮਾਨਤ ਮਨਜ਼ੂਰ ਹੋ ਗਈ। ਇਹ ਉਹੀ ਮਾਮਲਾ ਹੈ ਜਿਸ ਵਿਚ ਰਣਜੀਤ ਸਿੰਘ ਨਾਲ 31 ਹੋਰ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਸਨ। ਇਹ ਕੇਸ 29 ਜਨਵਰੀ ਨੂੰ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਓਵਰਸੀਅਰ ਸਿੰਘ ਦੀ ਜ਼ਮਾਨਤ ਅੱਜ ਸਥਾਨਕ ਅਦਾਲਤ ਨੇ ਮਨਜ਼ੂਰ ਕੀਤੀ ਹੈ। ਇਹ ਜ਼ਮਾਨਤ ਮਨਜ਼ੂਰ ਹੋਣ ਨਾਲ ਹੁਣ ਇਸ ਕੇਸ ਤਹਿਤ ਗ੍ਰਿਫ਼ਤਾਰ ਕੀਤੇ ਗਏ 30 ਹੋਰ ਵਿਅਕਤੀਆਂ ਦੀ ਜ਼ਮਾਨਤ ਦਾ ਰਾਹ ਪੱਧਰਾ ਹੋ ਗਿਆ ਹੈ। ਅੱਜ ਦਿੱਲੀ ਪੁਲੀਸ ਵੱਲੋਂ ਨੋਟਿਸ ਭੇਜੇ ਜਾਣ ਦੇ ਮਾਮਲੇ ਵਿਚ ਮੇਜਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੇਡਾ ਡਾਕਖਾਨਾ ਸਿੰਧਰ ਜ਼ਿਲ੍ਹਾ ਜਲੰਧਰ ਦੀ ਅਗਾਊਂ ਜ਼ਮਾਨਤ ਮਨਜ਼ੂਰ ਹੋ ਗਈ। ਉਸ ਦੇ ਖ਼ਿਲਾਫ਼ ਥਾਣਾ ਕੋਤਵਾਲੀ ਦਿੱਲੀ ਵਿਚ 26 ਜਨਵਰੀ ਨੂੰ ਕੇਸ ਦਰਜ ਕੀਤਾ ਗਿਆ ਸੀ।