ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਦੇ ਘਰ ਜਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਵਾਡਰਾ ਖ਼ਿਲਾਫ਼ ਬੇਨਾਮੀ ਸੰਪਤੀ ਕਾਨੂੰਨ ਤਹਿਤ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਵਾਡਰਾ ਨੂੰ ਟੈਕਸ ਅਥਾਰਿਟੀ ਦੇ ਦਫ਼ਤਰ ਵਿਚ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਕੋਵਿਡ-19 ਦੀਆਂ ਪਾਬੰਦੀਆਂ ਦਾ ਹਵਾਲਾ ਦਿੱਤਾ ਸੀ। ਇਸ ਤੋਂ ਬਾਅਦ ਅਧਿਕਾਰੀਆਂ ਦੀ ਇਕ ਟੀਮ ਦਿੱਲੀ ਦੇ ਸੁਖਦੇਵ ਵਿਹਾਰ ਸਥਿਤ ਵਾਡਰਾ ਦੇ ਘਰ ਗਈ। ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਦੇ ਪਤੀ ਵਾਡਰਾ ਖ਼ਿਲਾਫ਼ ਜਾਂਚ ਯੂਕੇ ’ਚ ਉਨ੍ਹਾਂ ਦੀ ਕੁਝ ਅਣਐਲਾਨੀ ਸੰਪਤੀ ਦੇ ਮਾਮਲੇ ਵਿਚ ਕੀਤੀ ਜਾ ਰਹੀ ਹੈ। ਕਾਰੋਬਾਰੀ ਵਾਡਰਾ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵੀ ਇਨ੍ਹਾਂ ਦੋਸ਼ਾਂ ਦੀ ਜਾਂਚ ਮਨੀ ਲਾਂਡਰਿੰਗ ਐੈਕਟ ਤਹਿਤ ਕੀਤੀ ਜਾ ਰਹੀ ਹੈ। ਵਾਡਰਾਂ ਦੋਸ਼ਾਂ ਤੋਂ ਮੁੱਕਰਦੇ ਰਹੇ ਹਨ ਤੇ ਜਾਂਚ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ। -ਪੀਟੀਆਈ