ਕੋਲਕਾਤਾ, 22 ਜੂਨ
ਤ੍ਰਿਣਮੂਲ ਕਾਂਗਰਸ ਨੇ ਅੱਜ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਰਾਜ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਕੇ ਪੱਛਮੀ ਬੰਗਾਲ ਸਰਕਾਰ ਦੀ ਕਾਰਗੁਜ਼ਾਰੀ ’ਚ ਅੜਿੱਕਾ ਪਾਉਣਾ ਚਾਹੁੰਦੀ ਹੈ। ਟੀਐੱਮਸੀ ਨੇ ਦਾਅਵਾ ਕੀਤਾ ਕਿ ਖਾਰ ਰੱਖਣਾ ਨਰਿੰਦਰ ਮੋਦੀ ਸਰਕਾਰ ਦੀ ਰਾਜਾਂ ਪ੍ਰਤੀ ਨੀਤੀ ਦਾ ਹਿੱਸਾ ਬਣ ਗਿਆ ਹੈ ਅਤੇ ਬੰਦੋਪਾਧਿਆਏ ਖ਼ਿਲਾਫ਼ ਕਾਰਵਾਈ ਇਸੇ ਨੀਤੀ ਦਾ ਨਤੀਜਾ ਹੈ। ਅਲਪਨ ਬੰਦੋਪਾਧਿਆਏ ਇਸ ਸਮੇਂ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਹਾਲਾਂਕਿ ਭਾਜਪਾ ਨੇ ਟੀਐੱਮਸੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਦਰਕਿਨਾਰ ਕਰਦਿਆਂ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ’ਤੇ ਨੌਕਰਸ਼ਾਹੀ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ। ਟੀਐੱਮਸੀ ਦੇ ਸੰਸਦ ਮੈਂਬਰ ਤੇ ਪਾਰਟੀ ਦੇ ਬੁਲਾਰੇ ਸੌਗਾਤਾ ਰੌਏ ਨੇ ਕਿਹਾ ਕਿ ਪਰਸੋਨਲ ਤੇ ਟਰੇਨਿੰਗ ਵਿਭਾਗ ਪ੍ਰਧਾਨ ਮੰਤਰੀ ਦੇ ਕੰਟਰੋਲ ਹੇਠ ਹੈ ਅਤੇ ਇਸ ’ਚ ਕੋਈ ਸ਼ੱਕ ਨਹੀਂ ਕਿ ਇਹ ਸਿਰਫ਼ ਨਿੱਜੀ ਕਾਰਵਾਈ ਹੈ। ਕੁਝ ਦਿਨ ਪਹਿਲਾਂ ਬੰਦੋਪਾਧਿਆਏ ਦੀ ਮਾਂ ਦਾ ਦੇਹਾਂਤ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਸੰਵੇਦਨਹੀਣ ਵੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿਰਫ਼ ਰਾਜ ਦੀਆਂ ਵਿਧਾਨ ਸਭਾ ਚੋਣਾਂ ’ਚ ਹੋਈ ਹਾਰ ਤੋਂ ਬੁਖਲਾ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਚ ਅੜਿੱਕੇ ਪਾ ਰਹੀ ਹੈ। -ਪੀਟੀਆਈ