ਚੇਨੱਈ, 1 ਦਸੰਬਰ
ਤਾਮਿਲ ਨਾਡੂ ਦੀ ਮੁੱਖ ਵਿਰੋਧੀ ਪਾਰਟੀ ਅੰਨਾ ਡੀਐੱਮਕੇ ਨੇ ਆਗੂ ਵੀ ਕੇ ਸ਼ਸ਼ੀਕਲਾ ਤੋਂ ਮਿਲ ਰਹੀ ਚੁਣੌਤੀ ਨੂੰ ਦਰਕਿਨਾਰ ਕਰਨ ਲਈ ਅੱਜ ਪਾਰਟੀ ਦੇ ਸੰਵਿਧਾਨ ’ਚ ਸੋਧ ਕਰ ਦਿੱਤੀ। ਨਵੇਂ ਨਿਯਮਾਂ ਮੁਤਾਬਕ ਪਾਰਟੀ ਦੇ ਦੋ ਸਿਖਰਲੇ ਅਹੁਦਿਆਂ ’ਤੇ ਤਾਇਨਾਤ ਓ ਪਨੀਰਸੇਲਵਮ ਅਤੇ ਕੇ ਪਲਾਨੀਸਵਾਮੀ ਨੂੰ ਹੁਣ ਸ਼ਸ਼ੀਕਲਾ ਤੋਂ ਕੋਈ ਖ਼ਤਰਾ ਨਹੀਂ ਰਹੇਗਾ। ਸ਼ਸ਼ੀਕਲਾ ਦਾਅਵਾ ਕਰਦੀ ਆ ਰਹੀ ਹੈ ਕਿ ਉਹ ਪਾਰਟੀ ਦੀ ਜਨਰਲ ਸਕੱਤਰ ਹੈ। ਇਹ ਅਹੁਦਾ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਕੋਲ ਸੀ ਜਿਨ੍ਹਾਂ ਦਾ ਦਸੰਬਰ 2016 ’ਚ ਦੇਹਾਂਤ ਹੋ ਗਿਆ ਸੀ। ਅੰਨਾ ਡੀਐੱਮਕੇ ਦੀ ਕਾਰਜਕਾਰਨੀ ਕਮੇਟੀ ਦੀ ਅੱਜ ਇਥੇ ਮੀਟਿੰਗ ਦੌਰਾਨ ਨੇਮਾਂ ’ਚ ਸੋਧ ਕੀਤੀ ਗਈ। ਇਨ੍ਹਾਂ ਸੋਧਾਂ ਨਾਲ ਸ਼ਸ਼ੀਕਲਾ ਦੇ ਪਾਰਟੀ ’ਚ ਮੁੜ ਸਰਗਰਮ ਹੋਣ ਦੀਆਂ ਕੋਸ਼ਿਸ਼ਾਂ ਨੂੰ ਡੱਕ ਦਿੱਤਾ ਗਿਆ ਹੈ। ਸਾਲ 2017 ’ਚ ਨੇਮਾਂ ’ਚ ਸੋਧ ਕਰਕੇ ਜਨਰਲ ਸਕੱਤਰ ਨੂੰ ਮਿਲੀਆਂ ਸਾਰੀਆਂ ਤਾਕਤਾਂ ਨਵੇਂ ਬਣਾਏ ਗਏ ਪਾਰਟੀ ਕੋਆਰਡੀਨੇਟਰ (ਪਨੀਰਸੇਲਵਮ) ਅਤੇ ਜੁਆਇੰਟ ਕੋਆਰਡੀਨੇਟਰ (ਪਲਾਨੀਸਵਾਮੀ) ਹਵਾਲੇ ਕਰ ਦਿੱਤੀਆਂ ਗਈਆਂ ਸਨ। ਹੁਣ ਮੌਜੂਦਾ ਸੋਧਾਂ ਨਾਲ ਪਾਰਟੀ ਦੇ ਸਿਖਰਲੇ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਦਿੱਤੀ ਗਈ ਹੈ। ਸੋਧਾਂ ਮੁਤਾਬਕ ਮੁੱਢਲੇ ਮੈਂਬਰਾਂ ਵੱਲੋਂ ਸਿਖਰਲੀ ਲੀਡਰਸ਼ਿਪ ਦੀ ਚੋਣ ਵੇਲੇ ਸਿਰਫ਼ ਇਕ ਹੀ ਵੋਟ ਪਾਈ ਜਾਵੇਗੀ ਅਤੇ ਉਸ ਨਾਲ ਹੀ ਕੋਆਰਡੀਨੇਟਰ ਤੇ ਜੁਆਇੰਟ ਕੋਆਰਡੀਨੇਟਰ ਦੀ ਚੋਣ ਹੋ ਜਾਵੇਗੀ। -ਪੀਟੀਆਈ