ਨਵੀਂ ਦਿੱਲੀ, 9 ਸਤੰਬਰ
ਰਿਲਾਇੰਸ ਇੰਫਰਾਸਟ੍ਰਕਚਰ ਲਿਮਟਿਡ ਨੇ ਚਾਰ ਸਾਲ ਦੀ ਕਾਨੂੰਨੀ ਲੜਾਈ ਮਗਰੋਂ 4600 ਕਰੋੜ ਰੁਪਏ ਦੀ ਰਕਮ ਹਾਸਲ ਕਰਨ ’ਚ ਕਾਮਯਾਬੀ ਹਾਸਲ ਕੀਤੀ ਹੈ। ਇਸ ਨਾਲ ਅਨਿਲ ਅੰਬਾਨੀ ਦੀ ਅਗਵਾਈ ਹੇਠਲੇ ਏਡੀਏਜੀ ਗਰੁੱਪ ਨੂੰ ਰਾਹਤ ਮਿਲੀ ਹੈ। ਕੰਪਨੀ ਨੂੰ ਇਹ ਰਕਮ ਮਿਲਣ ਨਾਲ ਆਪਣੇ ਕਰਜ਼ੇ ਉਤਾਰਨ ’ਚ ਸਹਾਇਤਾ ਮਿਲੇਗੀ। ਕੇਸ ਦੀ ਸੁਣਵਾਈ ਦੌਰਾਨ ਰਿਲਾਇੰਸ ਦੇ ਵਕੀਲ ਨੇ ਸਿਖਰਲੀ ਅਦਾਲਤ ’ਚ ਕਿਹਾ ਸੀ ਕਿ ਕੰਪਨੀ ਇਹ ਰਕਮ ਕਰਜ਼ਾ ਮੋੜਨ ’ਚ ਵਰਤੇਗੀ। ਇਹ ਕੇਸ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕੀਤਾ ਸੀ ਅਤੇ ਉਸ ਦੀ ਅਰਜ਼ੀ ਨੂੰ ਨਕਾਰਦਿਆਂ ਪੈਸਾ ਮੋੜਨ ਲਈ ਕਿਹਾ ਗਿਆ ਹੈ। ਕਾਰਪੋਰੇਸ਼ਨ ਦਾ ਰਿਲਾਇੰਸ ਨਾਲ ਸਿਟੀ ਰੇਲ ਪ੍ਰਾਜੈਕਟ ਦਾ ਸਮਝੌਤਾ ਹੋਇਆ ਸੀ ਪਰ ਏਅਰਪੋਰਟ ਮੈਟਰੋ ਪ੍ਰਾਜੈਕਟ ਫੀਸ ਅਤੇ ਅਪਰੇਸ਼ਨ ਦੇ ਵਿਵਾਦਾਂ ਕਾਰਨ ਲਟਕ ਗਿਆ ਸੀ ਅਤੇ ਡੀਐੱਮਆਰਸੀ ਨੇ ਠੇਕੇ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਉਸ ਤੋਂ ਰਕਮ ਮੰਗੀ ਸੀ। -ਆਈਏਐਨਐਸ