ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਸਤੰਬਰ
ਖੇਤੀ ਬਿਲਾਂ ਖਿਲਾਫ਼ ਵਧਦੇ ਰੋਹ ਦਰਮਿਆਨ ਖੁਦ ਨੂੰ ਪੰਜਾਬ ਯੂਥ ਕਾਂਗਰਸ ਦੇ ਕਾਰਕੁਨ ਦੱਸਦੇ 15-20 ਲੋਕਾਂ ਨੇ ਅੱਜ ਸਵੇਰੇ ਸਵਾ ਸੱਤ ਵਜੇ ਦੇ ਕਰੀਬ ਇੰਡੀਆ ਗੇਟ ਅੱਗੇ ਟਰੈਕਟਰ ਨੂੰ ਲੱਗ ਲਾ ਦਿੱਤੀ। ਹਾਲਾਂਕਿ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਜਲਦੀ ਹੀ ਅੱਗ ’ਤੇ ਕਾਬੂ ਪਾ ਕੇ ਟਰੈਕਟਰ ਨੂੰ ਉਥੋਂ ਹਟਾ ਦਿੱਤਾ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ 5 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਅੱਜ ਸਵੇਰੇ ਕੁਝ ਨੌਜਵਾਨ ਰਾਜ ਪਥ ਉਪਰ ਮਾਨ ਸਿੰਘ ਚੌਕ ਨੇੜੇ ਅਚਾਨਕ ਇਕੱਠੇ ਹੋ ਗਏ ਤੇ ਟਾਟਾ 407 ਗੱਡੀ ’ਤੇ ਲੱਦ ਕੇ ਲਿਆਂਦੇ ਟਰੈਕਟਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦਿੱਲੀ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਖਿਲਾਫ਼ ਕਾਰਵਾਈ ਵਿੱਢ ਦਿੱਤੀ ਹੈ। ਨੌਜਵਾਨ ਰਾਸ਼ਟਰਪਤੀ ਵੱਲੋਂ ਪਾਸ ਕੀਤੇ ਖੇਤੀ ਬਾਰੇ ਬਿੱਲਾਂ ਖਿਲਾਫ਼ ਰੋਸ ਪ੍ਰਗਟਾਉਣ ਲਈ ਰਾਜ ਪਥ ’ਤੇ ਪੁੱਜੇ ਸਨ। ਇਸ ਦੌਰਾਨ ਨਵੀਂ ਦਿੱਲੀ ਦੇ ਡੀਸੀਪੀ ਈਸ਼ ਸਿੰਘਾਲ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀ ਯੂਥ ਕਾਂਗਰਸ ਪੰਜਾਬ ਦੇ ਮੈਂਬਰ ਦੱਸੇ ਜਾਂਦੇ ਹਨ ਤੇ ਸਾਰੇ ਮੁਹਾਲੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਬੰਧਤਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।