ਅਮਰਾਵਤੀ, 21 ਅਕਤੂਬਰ
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਆਂਧਰਾ ਪ੍ਰਦੇਸ਼ ਪੜਾਅ ਅੱਜ ਮੁਕੰਮਲ ਹੋ ਗਿਆ। ਇਸ ਮਗਰੋਂ ਪਾਰਟੀ ਆਗੂ ਰਾਹੁਲ ਗਾਂਧੀ ਮੁੜ ਗੁਆਂਢੀ ਸੂਬੇ ਕਰਨਾਟਕ ਪਹੁੰਚ ਗਏ। ਰਾਤ ਰੁਕਣ ਮਗਰੋਂ ਰਾਹੁਲ ਨੇ ਸ਼ੁੱਕਰਵਾਰ ਸਵੇਰੇ ਮੰਤਰਾਲਿਅਮ ਤੋਂ ਪੈਦਲ ਮਾਰਚ ਆਰੰਭਿਆ। ਉਨ੍ਹਾਂ ਆਂਧਰਾ ਪ੍ਰਦੇਸ਼ ਦੇ ਸਰਹੱਦੀ ਇਲਾਕੇ ਰਾਏਚੂਰ ਨੂੰ ਪਾਰ ਕੀਤਾ ਅਤੇ ਫਿਰ ਕਰਨਾਟਕ ਪਰਤ ਆਏ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਦੀ ਯਾਤਰਾ ਅਨੰਤਪੁਰਾਮੂ ਅਤੇ ਕੁਰਨੂਲ ਜ਼ਿਲ੍ਹਿਆਂ ’ਚ ਦੋ ਪੜਾਵਾਂ ’ਚ ਨਿਕਲੀ। ਪਹਿਲਾਂ 14 ਅਕਤੂਬਰ ਨੂੰ ਕੁਝ ਘੰਟਿਆਂ ਲਈ ਅਤੇ ਫਿਰ 18 ਅਕਤੂਬਰ ਤੋਂ ਚਾਰ ਦਿਨਾਂ ਲਈ ਇਹ ਯਾਤਰਾ ਕੱਢੀ ਗਈ ਸੀ। ਕਾਂਗਰਸ ਆਗੂ ਦੇ ਸਵਾਗਤ ਲਈ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ’ਚ ਉਨ੍ਹਾਂ ਦੀ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪਾਰਟੀ ਆਗੂ ਵੀ ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਹੈਰਾਨ ਹਨ। ਰਾਹੁਲ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਕਿਸਾਨ, ਮਜ਼ਦੂਰ ਅਤੇ ਗਰੀਬ ਲੋਕ ਪ੍ਰੇਸ਼ਾਨੀ ’ਚ ਹਨ ਅਤੇ ਕਾਂਗਰਸ ਦੀ ਯਾਤਰਾ ਨੇ ਉਨ੍ਹਾਂ ਨੂੰ ਕੁਝ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਕਾਂਗਰਸ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਅਮਰਾਵਤੀ ਨੂੰ ਰਾਜਧਾਨੀ ਬਣਾਉਣਗੇ। ਕੇਂਦਰ ਵੱਲੋਂ ਵਿਸ਼ਾਖਾਪਟਨਮ ਸਟੀਲ ਪਲਾਂਟ ਦੇ ਨਿੱਜੀਕਰਨ ਦੇ ਕਦਮ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਲਾਂਟ ਨੂੰ ਜਨਤਕ ਖੇਤਰ ਦਾ ਅਦਾਰਾ ਬਣਾਈ ਰਖਣਾ ਚਾਹੁੰਦੇ ਹਨ। -ਪੀਟੀਆਈ