ਅਮਰਵਤੀ, 29 ਮਈ
ਕੋਨਾਸੀਮਾ ਜ਼ਿਲ੍ਹੇ ਦਾ ਨਾਂ ਡਾ. ਬੀ.ਆਰ. ਅੰਬੇਡਕਰ ਰੱਖਣ ਦੀ ਤਜਵੀਜ਼ ਕਾਰਨ ਅਮਾਲਾਪੁਰਮ ਵਿੱਚ ਹਿੰਸਾ ਦੇ ਭੜਕਣ ਦੇ ਪੰਜ ਦਿਨ ਬਾਅਦ ਵੀ ਕਸਬੇ ਅਤੇ ਜ਼ਿਲ੍ਹੇ ’ਚ ਹੋਰ ਥਾਈਂ ਇੰਟਰਨੈੱਟ ਸੇਵਾਵਾਂ ਹਾਲੇ ਮੁਅੱਤਲ ਹਨ। ਮੰਗਲਵਾਰ 24 ਮਈ ਨੂੰ ਹੋਈ ਹਿੰਸਾ ਮਗਰੋਂ ਫਰਜ਼ੀ ਸੰਦੇਸ਼ ਸੋਸ਼ਲ ਮੀਡੀਆ ’ਤੇ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਅਮਾਲਾਪੁਰਮ, ਮੁਮੀਦੀਵਾਰਮ, ਕੋਥਾਪੈਟਾ, ਪੀ. ਗੰਨਾਵਰਮ ਅਤੇ ਰਾਜੌਲੇ ਹਲਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਜ਼ਿਲ੍ਹੇ ਵਿੱਚ ਲੋਕਾਂ ਨੂੰ ਬੈਂਕ ਸੇਵਾਵਾਂ, ਏਟੀਐੱਮ ਤੋਂ ਪੈਸੇ ਕਢਵਾਉਣ ਤੇ ਡਿਜੀਟਲ ਟਰਾਂਜੈਕਸ਼ਨਾਂ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਇਸੇ ਦੌਰਾਨ ਦਲਿਤ ਹਕੁਲਾ ਪੋਰਾਟਾ ਸਮਿਤੀ (ਡੀਐੱਚਪੀਐੱਸ) ਨੇ ਕੋਨਾਸੀਮਾ ਜ਼ਿਲ੍ਹੇ ਦਾ ਨਾਂ ਡਾ. ਬੀ.ਆਰ. ਅੰਬੇਡਕਰ ਰੱਖਣ ਦੀ ਮੰਗ ਲਈ 2 ਜੂਨ ਨੂੰ ਅਮਾਲਾਪੁਰਮ ਵਿੱਚ ਮਹਾ ਧਰਨਾ ਦੇਣ ਅਤੇ ਇੱਕ ਜਨਤਕ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੇ ਚੱਲਦਿਆਂ ਇੰਟਰਨੈੱਟ ਸੇਵਾਵਾਂ ਤੁਰੰਤ ਬਹਾਲ ਹੋਣ ਦੀ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਪੁਲੀਸ ਵੱਲੋਂ ਕਸਬੇ ਵਿੱਚ ਭਾਰੀ ਬਲ ਤਾਇਨਾਤ ਕਰਦਿਆਂ ਸੁਰੱਖਿਆ ਸਖ਼ਤ ਕਰ ਦਿੱਤੀ ਹੈ। -ਆਈਏਐੱਨਐੱਸ