ਮੁੰਬਈ, 17 ਅਕਤੂਬਰ
ਭਾਜਪਾ ਨੇ ਅੰਧੇਰੀ (ਪੂਰਬੀ) ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ ਹੈ। ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਨਾਗਪੁਰ ਵਿੱਚ ਕਿਹਾ, ‘‘ਭਾਜਪਾ ਨੇ ਅੰਧੇਰੀ ਪੂਰਬੀ ਜ਼ਿਮਨੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਪਾਰਟੀ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਮੁਰਜੀ ਪਟੇਲ ਹੁਣ ਕਾਗਜ਼ ਵਾਪਸ ਲੈਣਗੇ।’’ ਉਂਜ ਬਾਵਨਕੁਲੇ ਨੇ ਦਾਅਵਾ ਕੀਤਾ ਕਿ ਉਹ ਚੋਣ ਲੜਦੇ ਤਾਂ ਜਿੱਤ ਜਾਂਦੇ। ਤਿੰਨ ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ ਹੈ। ਸ਼ਿਵ ਸੈਨਾ ਵਿਧਾਇਕ ਰਮੇਸ਼ ਲਟਕੇ ਦੇ ਇਸ ਸਾਲ ਮਈ ਵਿੱਚ ਅਕਾਲ ਚਲਾਣਾ ਕਰ ਜਾਣ ਕਰਕੇ ਅੰਧੇਰੀ ਪੂਰਬੀ ਸੀਟ ਤੋਂ ਜ਼ਿਮਨੀ ਚੋਣ ਕਰਵਾਉਣ ਦੀ ਲੋੜ ਪਈ ਹੈ। ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੇ ਰਮੇਸ਼ ਲਟਕੇ ਦੀ ਪਤਨੀ ਰਿਤੂਜਾ ਲਟਕੇ ਨੂੰ ਮੈਦਾਨ ਵਿੱਚ ਉਤਾਰਿਆ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਲੰਘੇ ਦਿਨੀਂ ਰਿਤੂਜਾ ਲਟਕੇ ਨੂੰ ਨਿਰਵਿਰੋਧ ਚੁਣੇ ਜਾਣ ਦੀ ਮੰਗ ਕੀਤੀ ਸੀ। ਉਧਰ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਵੀ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅਪੀਲ ਕੀਤੀ ਸੀ ਕਿ ਮਰਹੂਮ ਰਮੇਸ਼ ਲਟਕੇ ਨੂੰ ਸ਼ਰਧਾਂਜਲੀ ਵਜੋਂ ਭਾਜਪਾ ਆਪਣਾ ਉਮੀਦਵਾਰ ਮੈਦਾਨ ਵਿੱਚ ਨਾ ਉਤਾਰੇ। -ਪੀਟੀਆਈ